ਲੁਧਿਆਣਾ ‘ਚ ਸੜਕ ਹਾਦਸੇ ‘ਚ ਕੰਮ ਤੋਂ ਘਰ ਜਾ ਰਹੇ ਬੈਂਕ ਕਰਮਚਾਰੀ ਦੀ ਮੌਤ, ਤੇਜ਼ ਰਫਤਾਰ ਕਾਰ ਨੇ ਮਾਰੀ ਟੱਕਰ

0
3377

ਲੁਧਿਆਣਾ | ਸਾਹਨੇਵਾਲ ਪੁਲ ‘ਤੇ ਬੁੱਧਵਾਰ ਰਾਤ ਨੂੰ ਇੱਕ ਸੜਕ ਹਾਦਸੇ ਵਿਚ ਇੱਕ ਬੈਂਕ ਕਰਮਚਾਰੀ ਦੀ ਮੌਤ ਹੋ ਗਈ। ਹਾਦਸੇ ਦੌਰਾਨ ਬੈਂਕ ਮੁਲਾਜ਼ਮ ਦੋਰਾਹਾ ਤੋਂ ਕੰਮ ਤੋਂ ਬਾਅਦ ਬਾਈਕ ‘ਤੇ ਸਵਾਰ ਹੋ ਕੇ ਲੁਧਿਆਣਾ ਦੇ ਨੂਰਵਾਲਾ ਰੋਡ ‘ਤੇ ਆਪਣੇ ਘਰ ਵਾਪਸ ਆ ਰਿਹਾ ਸੀ। ਜਿੱਥੇ ਰਸਤੇ ‘ਚ ਕਿਸੇ ਅਣਪਛਾਤੇ ਤੇਜ਼ ਰਫਤਾਰ ਵਾਹਨ ਨੇ ਉਸ ਦੀ ਬਾਈਕ ਨੂੰ ਟੱਕਰ ਮਾਰ ਦਿੱਤੀ।

ਹਾਦਸਾ ਇੰਨਾ ਭਿਆਨਕ ਸੀ ਕਿ ਟੱਕਰ ਤੋਂ ਬਾਅਦ ਬਾਈਕ ਸਵਾਰ ਕਰੀਬ 100 ਮੀਟਰ ਦੂਰ ਜਾ ਡਿੱਗਿਆ। ਰਾਹਗੀਰਾਂ ਨੇ ਖੂਨ ਨਾਲ ਲੱਥਪੱਥ ਵਿਅਕਤੀ ਨੂੰ ਮੁੱਢਲੀ ਸਹਾਇਤਾ ਦਿੱਤੀ। ਉਸ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਨਾ ਦਿੱਤੀ ਗਈ। ਜ਼ਖਮੀ ਨੂੰ ਨਜ਼ਦੀਕੀ ਨਿੱਜੀ ਹਸਪਤਾਲ ਲਿਜਾਇਆ ਗਿਆ ਪਰ ਰਸਤੇ ‘ਚ ਹੀ ਉਸ ਦੀ ਮੌਤ ਹੋ ਗਈ।

ਹਾਦਸੇ ‘ਚ ਬਾਈਕ ਚਕਨਾਚੂਰ ਹੋ ਗਈ। ਹਾਦਸੇ ਦੀ ਸੂਚਨਾ ਮਿਲਦੇ ਹੀ ਥਾਣਾ ਸਾਹਨੇਵਾਲ ਦੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਮ੍ਰਿਤਕ ਦੀ ਪਛਾਣ ਚੰਦਰਸ਼ੇਖਰ (55) ਵਾਸੀ ਨੂਰਵਾਲਾ ਰੋਡ ਵਜੋਂ ਹੋਈ ਹੈ।

ਮ੍ਰਿਤਕ ਚੰਦਰਸ਼ੇਖਰ ਦੇ ਭਰਾ ਵਿਕਰਾਂਤ ਨੇ ਦੱਸਿਆ ਕਿ ਉਸ ਦਾ ਵੱਡਾ ਭਰਾ ਦੋਰਾਹਾ ਸਥਿਤ ਇੱਕ ਨਿੱਜੀ ਬੈਂਕ ਵਿਚ ਗੋਲਡ ਵੈਲਿਊਅਰ ਦਾ ਕੰਮ ਕਰਦਾ ਸੀ। ਬੁੱਧਵਾਰ ਰਾਤ ਨੂੰ ਰੋਜ਼ਾਨਾ ਦੀ ਤਰ੍ਹਾਂ ਉਹ ਬੈਂਕ ਤੋਂ ਛੁੱਟੀ ਕਰ ਕੇ ਆਪਣੇ ਸਾਈਕਲ ‘ਤੇ ਘਰ ਪਰਤ ਰਿਹਾ ਸੀ। ਰਸਤੇ ‘ਚ ਸਾਹਨੇਵਾਲ ਪੁਲ ਨੇੜੇ ਕਿਸੇ ਅਣਪਛਾਤੇ ਵਾਹਨ ਨੇ ਉਸ ਦੀ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਹਸਪਤਾਲ ਲਿਜਾਂਦੇ ਸਮੇਂ ਉਸ ਦੀ ਮੌਤ ਹੋ ਗਈ।

ਫਿਲਹਾਲ ਚੰਦਰਸ਼ੇਖਰ ਦੀ ਲਾਸ਼ ਨੂੰ ਸਿਵਲ ਹਸਪਤਾਲ ਦੇ ਮੁਰਦਾਘਰ ‘ਚ ਰਖਵਾਇਆ ਗਿਆ ਹੈ। ਅੱਜ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਜਾਵੇਗੀ।