ਲੁਧਿਆਣਾ : ਪੰਜਾਬ ਤੋਂ ਕੈਨੇਡਾ ਜਾ ਕੇ ਚਾਕੂ ਮਾਰ ਕੀਤਾ ਪਤਨੀ ਦਾ ਕਤਲ, ਵੀਡੀਓ ਬਣਾ ਭੇਜੀ ਮਾਂ ਨੂੰ

0
3465

 ਲੁਧਿਆਣਾ | ਇਥੋ ਦੀ ਰਹਿਣ ਵਾਲੀ ਇਕ ਔਰਤ ਦਾ ਕੈਨੇਡਾ ‘ਚ ਉ ਦੇ ਪਤੀ ਨੇ ਚਾਕੂ ਮਾਰ ਕੇ ਕਤਲ ਕਰ ਦਿੱਤਾ। ਇੰਨਾ ਹੀ ਨਹੀਂ ਵਿਅਕਤੀ ਨੇ ਪੂਰੀ ਘਟਨਾ ਦੀ ਵੀਡੀਓ ਬਣਾ ਕੇ ਆਪਣੀ ਮਾਂ ਨੂੰ ਭੇਜ ਦਿੱਤੀ। ਇਹ ਵਿਅਕਤੀ 5 ਦਿਨ ਪਹਿਲਾਂ ਹੀ ਆਪਣੀ ਧੀ ਨੂੰ ਮਿਲਣ ਕੈਨੇਡਾ ਪਹੁੰਚਿਆ ਸੀ।

ਘਟਨਾ ਦੀ ਸੂਚਨਾ ਮਿਲਦੇ ਹੀ ਕੈਨੇਡੀਅਨ ਪੁਲਿਸ ਨੇ ਮੁਲਜ਼ਮ ਨੂੰ ਕਾਬੂ ਕਰ ਲਿਆ। ਮ੍ਰਿਤਕਾ ਦੀ ਪਛਾਣ ਬਲਵਿੰਦਰ ਕੌਰ (41) ਵਾਸੀ ਮੱਲਾ ਪਿੰਡ ਜਗਰਾਉਂ ਵਜੋਂ ਹੋਈ ਹੈ।

ਹਿੰਮਤ ਸਿੰਘ ਨੇ ਦੱਸਿਆ ਕਿ ਉਸ ਦੀ ਲੜਕੀ ਬਲਵਿੰਦਰ ਕੌਰ ਦਾ ਵਿਆਹ ਜਗਪ੍ਰੀਤ ਸਿੰਘ ਉਰਫ ਰਾਜੂ ਵਾਸੀ ਪੱਖੋਵਾਲ ਰੋਡ ਲੁਧਿਆਣਾ ਨਾਲ ਸਾਲ 2000 ‘ਚ ਹੋਇਆ ਸੀ। ਵਿਆਹ ਤੋਂ ਬਾਅਦ ਉਸ ਦੇ ਸਹੁਰੇ ਵਾਲੇ ਉਸ ਨੂੰ ਦਾਜ ਲਈ ਤੰਗ-ਪ੍ਰੇਸ਼ਾਨ ਕਰ ਰਹੇ ਸਨ। ਹਿੰਮਤ ਸਿੰਘ ਨੇ ਦੱਸਿਆ ਕਿ ਉਹ 4 ਧੀਆਂ ਦਾ ਪਿਤਾ ਹੈ, ਜਿਸ ਕਾਰਨ ਉਹ ਧੀ ਦੇ ਸਹੁਰਿਆਂ ਖਿਲਾਫ ਕੋਈ ਕਾਰਵਾਈ ਨਹੀਂ ਕਰ ਸਕਿਆ। ਜੇਕਰ ਕਾਰਵਾਈ ਕੀਤੀ ਜਾਂਦੀ ਤਾਂ ਬਾਕੀ ਧੀਆਂ ਦੀ ਜਾਨ ਦਾਅ ‘ਤੇ ਲੱਗ ਜਾਣੀ ਸੀ। ਇਸ ਕਰ ਕੇ ਉਹ ਚੁੱਪ ਰਿਹਾ। ਉਸ ਬੇਟੀ ਦੇ ਦੋ ਬੱਚੇ ਹਰਨੂਰਪ੍ਰੀਤ ਕੌਰ ਅਤੇ ਗੁਰਨੂਰ ਸਿੰਘ ਹਨ।

ਹਿੰਮਤ ਸਿੰਘ ਨੇ ਦੱਸਿਆ ਕਿ ਬਲਵਿੰਦਰ ਕੌਰ ਨੇ ਸਾਲ 2020 ‘ਚ ਆਈਲੈਟਸ ਕਰਨ ਤੋਂ ਬਾਅਦ ਆਪਣੀ ਬੇਟੀ ਹਰਨੂਰਪ੍ਰੀਤ ਕੌਰ ਨੂੰ ਕੈਨੇਡਾ ਪੜ੍ਹਨ ਲਈ ਭੇਜਿਆ ਸੀ। ਜਨਵਰੀ 2022 ‘ਚ ਬਲਵਿੰਦਰ ਆਪਣੀ ਧੀ ਨੂੰ ਮਿਲਣ ਕੈਨੇਡਾ ਗਈ ਸੀ। ਇਸ ਦੌਰਾਨ ਜਵਾਈ ਜਗਪ੍ਰੀਤ ਸਿੰਘ ਵਾਰ-ਵਾਰ ਬਲਵਿੰਦਰ ਨੂੰ ਫੋਨ ਕਰਦਾ ਰਿਹਾ ਅਤੇ ਉਸ ਨੂੰ ਜਲਦੀ ਕੈਨੇਡਾ ਬੁਲਾਉਣ ਦੀ ਜ਼ਿੱਦ ਕਰਨ ਲੱਗਾ। ਉਸ ਦੀ ਜ਼ਿੱਦ ਕਾਰਨ ਹਰਨੂਰਪ੍ਰੀਤ ਨੇ 11 ਮਾਰਚ 2024 ਨੂੰ ਆਪਣੇ ਪਿਤਾ ਜਗਪ੍ਰੀਤ ਸਿੰਘ ਨੂੰ ਕੈਨੇਡਾ ਬੁਲਾ ਲਿਆ।

ਹਿੰਮਤ ਨੇ ਦੱਸਿਆ ਕਿ ਕੈਨੇਡਾ ਪਹੁੰਚਣ ਦੇ 5 ਦਿਨ ਬਾਅਦ ਹੀ ਉਸ ਨੇ ਬਲਵਿੰਦਰ ਕੌਰ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ। ਜਗਪ੍ਰੀਤ ਨੇ ਇਸ ਦੌਰਾਨ ਇਕ ਵੀਡੀਓ ਵੀ ਬਣਾ ਕੇ ਲੁਧਿਆਣਾ ‘ਚ ਆਪਣੀ ਮਾਂ ਨੂੰ ਭੇਜ ਦਿੱਤੀ। ਜਦੋਂ ਉਸ ਦੇ ਲੜਕੇ ਗੁਰਨੂਰ ਸਿੰਘ ਨੇ ਇਹ ਵੀਡੀਓ ਦੇਖੀ ਤਾਂ ਉਸ ਨੇ ਪਰਿਵਾਰ ਨੂੰ ਆਪਣੀ ਮਾਂ ਦੇ ਕਤਲ ਦੀ ਸੂਚਨਾ ਦਿੱਤੀ। ਹਿੰਮਤ ਨੇ ਦੱਸਿਆ ਕਿ ਜਗਪ੍ਰੀਤ ਨੂੰ ਕੈਨੇਡੀਅਨ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।