ਤਰਨਤਾਰਨ : ਭਰਜਾਈ ਨੇ ਕੀਤਾ ਪੁੱਤ ਨਾਲ ਮਿਲ ਕੇ ਦਿਓਰ ਦਾ ਕ.ਤਲ, ਵਜ੍ਹਾ ਜਾਣ ਕੇ ਉੱਡ ਜਾਣਗੇ ਹੋਸ਼

0
6884

ਤਰਨਤਾਰਨ/ਭਿੱਖੀਵਿੰਡ, 28 ਫਰਵਰੀ | ਸਰਹੱਦੀ ਕਸਬਾ ਭਿੱਖੀਵਿੰਡ ’ਚ ਨੌਜਵਾਨ ਦੀ ਤੇਜ਼ਧਾਰ ਹਥਿਆਰਾਂ ਨਾਲ ਹੱਤਿਆ ਕਰਨ ਦੇ ਅੰਨ੍ਹੇ ਕਤਲ ਨੂੰ ਪੁਲਿਸ ਨੇ ਆਧੁਨਿਕ ਤਕਨੀਕਾਂ ਦੀ ਮਦਦ ਨਾਲ ਹੱਲ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੌਜਵਾਨ ਦੀ ਭਰਜਾਈ ਨੇ ਹੀ ਆਪਣੇ ਪੁੱਤਰ ਤੇ ਉਸ ਦੇ ਦੋਸਤਾਂ ਸਮੇਤ ਕਥਿਤ ਤੌਰ ’ਤੇ ਇਸ ਹੱਤਿਆ ਨੂੰ ਅੰਜਾਮ ਦਿੱਤਾ ਕਿਉਂਕਿ ਭਰਜਾਈ ਨਾਲ ਸਬੰਧ ਰੱਖਣ ਵਾਲੇ ਦੇ ਘਰ ਆਉਣ ’ਤੇ ਉਹ ਇਤਰਾਜ਼ ਪ੍ਰਗਟ ਕਰਦਾ ਸੀ। ਪੁਲਿਸ ਨੇ ਹੱਤਿਆ ਦੇ ਮਾਮਲੇ ’ਚ ਨਾਮਜ਼ਦ ਭਰਜਾਈ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ।

ਵੇਖੋ ਵੀਡੀਓ

ਐੱਸਐੱਸਪੀ ਅਸ਼ਵਨੀ ਕਪੂਰ ਨੇ ਦੱਸਿਆ ਕਿ ਮਨਜੀਤ ਕੌਰ ਪਤਨੀ ਬਖਸ਼ੀਸ਼ ਸਿੰਘ ਵਾਸੀ ਚੇਲਾ ਕਾਲੋਨੀ ਭਿੱਖੀਵਿੰਡ ਨੇ ਪੁਲਿਸ ਨੂੰ ਬਿਆਨ ਦਿੱਤੇ ਸਨ ਕਿ ਉਸ ਦਾ ਦਿਓਰ ਸਤਨਾਮ ਸਿੰਘ ਜੋ ਪੇਸ਼ੇ ਵਜੋਂ ਡਰਾਈਵਰ ਹੈ ਤੇ ਗੱਡੀ ਖਾਲ੍ਹੀ ਕਰਕੇ 25 ਫਰਵਰੀ ਨੂੰ ਸ਼ਾਮ ਕਰੀਬ 6 ਵਜੇ ਘਰ ਆਇਆ ਸੀ। 2 ਮਹੀਨੇ ਤੋਂ ਉਸ ਨਾਲ ਬੋਲਚਾਲ ਨਾ ਹੋਣ ਕਰਕੇ ਉਹ ਬਾਹਰੋਂ ਰੋਟੀ ਲੈ ਕੇ ਆਉਂਦਾ ਸੀ।

ਰਾਤ ਕਰੀਬ 12 ਵਜੇ ਉਹ ਆਪਣੇ ਕਮਰੇ ਵਿਚ ਰੋਟੀ ਖਾ ਰਿਹਾ ਸੀ ਕਿ ਅਚਨਾਕ ਦਰਵਾਜ਼ਾ ਖੜਕਣ ’ਤੇ ਜਦੋਂ ਸਤਨਾਮ ਸਿੰਘ ਨੇ ਦਰਵਾਜ਼ਾ ਖੋਲ੍ਹਿਆ ਤਾਂ 5 ਅਣਪਛਾਤੇ ਹਥਿਆਰਬੰਦ ਲੋਕ ਉਸ ਨੂੰ ਕਮਰੇ ਵਿਚ ਲੈ ਗਏ ਤੇ ਆਪਣੀ ਲੜਕੀ ਨਾਲ ਸਬੰਧ ਹੋਣ ਦੀ ਗੱਲ ਕਰਦਿਆਂ ਕੁੱਟਮਾਰ ਕਰਨ ਲੱਗੇ। ਇੰਨਾ ਹੀ ਨਹੀਂ ਇਕ ਨੇ ਉਸ ਦੇ ਦਿਓਰ ਦੇ ਸਿਰ ਵਿਚ ਦਾਤਰ ਮਾਰਿਆ ਤੇ ਉਸ ਨੂੰ ਆਪਣੇ ਨਾਲ ਲੈ ਗਏ। ਉਕਤ ਲੋਕ ਉਸ ਦਾ ਮੋਬਾਇਲ ਤੇ ਮੋਟਰਸਾਈਕਲ ਵੀ ਨਾਲ ਲੈ ਗਏ। ਸੋਮਵਾਰ ਨੂੰ ਉਸਦੇ ਦਿਓਰ ਦੀ ਲਾਸ਼ ਬਰਾਮਦ ਹੋਈ। ਥਾਣਾ ਭਿੱਖੀਵਿੰਡ ਦੇ ਮੁਖੀ ਇੰਸਪੈਕਟਰ ਮੋਹਿਤ ਕੁਮਾਰ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਕਬਜ਼ੇ ਵਿਚ ਲਈ ਅਤੇ ਮਨਜੀਤ ਕੌਰ ਦੇ ਬਿਆਨ ਕਲਮਬੰਦ ਕਰ ਲਏ।

ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਸੀ ਕਿ ਮਰਨ ਵਾਲੇ ਸਤਨਾਮ ਸਿੰਘ ਦੀ ਭੈਣ ਮਨਦੀਪ ਕੌਰ ਪਤਨੀ ਗੁਰਦਿੱਤ ਸਿੰਘ ਵਾਸੀ ਮਰਗਿੰਦਪੁਰਾ ਨੇ ਕੁਝ ਹੋਰ ਖੁਲਾਸਾ ਕਰ ਦਿੱਤਾ। ਮਨਦੀਪ ਕੌਰ ਮੁਤਾਬਕ ਉਸ ਦੀ ਭਰਜਾਈ ਮਨਜੀਤ ਕੌਰ ਦਾ ਲੜਕਾ ਅਭੈ ਸਿੰਘ, ਸਰਬਜੀਤ ਸਿੰਘ ਪੁੱਤਰ ਗੁਰਚਰਨ ਸਿੰਘ ਉਰਫ ਕਾਕੂ ਵਾਸੀ ਮਾੜੀ ਕੰਬੋਕੇ ਦਾ ਦੋਸਤ ਹੈ। ਸਰਬਜੀਤ ਸਿੰਘ ਦਾ ਅਭੈ ਨਾਲ ਘਰ ਵਿਚ ਆਉਣਾ-ਜਾਣਾ ਸੀ, ਜਿਸ ਦੇ ਚੱਲਦਿਆਂ ਉਸ ਦੇ ਮਨਜੀਤ ਕੌਰ ਨਾਲ ਨਾਜਾਇਜ਼ ਸਬੰਧ ਬਣ ਗਏ। ਸਰਬਜੀਤ ਸਿੰਘ ਆਪਣੇ ਦੋਸਤਾਂ ਨਾਲ ਘਰ ਆਉਂਦਾ ਸੀ ਜਿਨ੍ਹਾਂ ਦੇ ਘਰ ਆਉਣ ’ਤੇ ਉਸ ਦੇ ਭਰਾ ਵੱਲੋਂ ਇਤਰਾਜ਼ ਜਤਾਇਆ ਜਾਂਦਾ ਸੀ। ਪਹਿਲਾਂ ਵੀ ਉਕਤ ਲੋਕ ਸਤਨਾਮ ਸਿੰਘ ਨਾਲ ਝਗੜੇ ਸਨ ਅਤੇ ਮਨਜੀਤ ਕੌਰ ਨੇ ਆਪਣੇ ਲੜਕੇ ਅਭੈ ਨੂੰ ਵੀ ਸਤਨਾਮ ਸਿੰਘ ਵਿਰੁੱਧ ਭੜਕਾ ਦਿੱਤਾ ਸੀ।

ਉਸ ਨੇ ਦੋਸ਼ ਲਾਇਆ ਕਿ ਸਤਨਾਮ ਸਿੰਘ ਦਾ ਕਤਲ ਉਸ ਦੀ ਭਰਜਾਈ ਮਨਜੀਤ ਕੌਰ ਨੇ ਭਤੀਜੇ ਅਭੈ ਸਿੰਘ ਨਾਲ ਮਿਲ ਕੇ ਸਰਬਜੀਤ ਸਿੰਘ, ਪ੍ਰਿੰਸ, ਰੌਲਾ, ਅਨਮੋਲ ਉਰਫ ਅਕਾਸ਼ ਅਤੇ ਜੱਸਾ ਪਾਸੋਂ ਕਰਵਾਇਆ ਹੈ। ਐੱਸਐੱਸਪੀ ਨੇ ਦੱਸਿਆ ਕਿ ਮਨਦੀਪ ਕੌਰ ਦੇ ਬਿਆਨਾਂ ਤੋਂ ਇਲਾਵਾ ਖੁਫੀਆ ਤੰਤਰ ਤੇ ਹੋਰ ਤਕਨੀਕਾਂ ਰਾਹੀਂ ਤਫਤੀਸ਼ ਨੂੰ ਅੱਗੇ ਤੋਰਦਿਆਂ ਮਨਜੀਤ ਕੌਰ ਸਮੇਤ ਉਕਤ ਸਾਰੇ ਲੋਕਾਂ ਨੂੰ ਨਾਮਜ਼ਦ ਕਰ ਲਿਆ ਗਿਆ ਹੈ। ਜਦੋਂਕਿ ਮਨਜੀਤ ਕੌਰ ਗ੍ਰਿਫਤਾਰ ਵੀ ਕੀਤੀ ਜਾ ਚੁੱਕੀ ਹੈ, ਜਿਸ ਕੋਲੋਂ ਹੋਰ ਪੁੱਛਗਿੱਛ ਜਾਰੀ ਹੈ।

ਲਿੰਕ ‘ਤੇ ਕਲਿੱਕ ਕਰਕੇ ਵੇਖੋ ਵੀਡੀਓ 

https://www.facebook.com/punjabibulletinworld/videos/7393011067431654