ਖੰਨਾ ਦੇ ਨਿੱਜੀ ਹਸਪਤਾਲ ‘ਚ 6 ਮਹੀਨਿਆਂ ਦੇ ਬੱਚੇ ਦੀ ਮੌ.ਤ, ਪਰਿਵਾਰ ਨੇ ਡਾਕਟਰ ‘ਤੇ ਲਾਪਰਵਾਹੀ ਦੇ ਲਗਾਏ ਆਰੋਪ

0
476

ਖੰਨਾ, 26 ਜਨਵਰੀ | ਖੰਨਾ ਦੇ ਇਕ ਨਿੱਜੀ ਹਸਪਤਾਲ ਵਿਚ 6 ਮਹੀਨੇ ਦੇ ਬੱਚੇ ਦੀ ਮੌਤ ਨੂੰ ਲੈ ਕੇ ਹੰਗਾਮਾ ਹੋ ਗਿਆ। ਪਰਿਵਾਰਕ ਮੈਂਬਰਾਂ ਨੇ ਹਸਪਤਾਲ ‘ਤੇ ਗੁੱਸਾ ਜ਼ਾਹਿਰ ਕਰਦਿਆਂ ਡਾਕਟਰ ‘ਤੇ ਲਾਪਰਵਾਹੀ ਦਾ ਦੋਸ਼ ਲਾਇਆ। ਹਸਪਤਾਲ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਅਤੇ ਲਾਇਸੈਂਸ ਰੱਦ ਕਰਨ ਦੀ ਮੰਗ ਕੀਤੀ। 6 ਮਹੀਨੇ ਦੇ ਬੱਚੇ ਨੂੰ 3 ਧੀਆਂ ਤੋਂ ਬਾਅਦ ਜੋੜੇ ਨੇ ਗੋਦ ਲਿਆ ਸੀ।

ਜਗਤਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਇਥੇ 6 ਮਹੀਨੇ ਦੇ ਮਾਸੂਮ ਬੱਚੇ ਨੂੰ ਇਲਾਜ ਲਈ ਦਾਖਲ ਕਰਵਾਇਆ ਸੀ। 5 ਦਿਨਾਂ ਤੋਂ ਇਲਾਜ ਚੱਲ ਰਿਹਾ ਸੀ ਪਰ ਡਾਕਟਰ ਉਨ੍ਹਾਂ ਨੂੰ ਕੁਝ ਨਹੀਂ ਦੱਸ ਰਿਹਾ ਸੀ। ਸਵੇਰੇ ਬੱਚੇ ਦੀ ਮੌਤ ਹੋ ਗਈ। ਪਹਿਲਾਂ ਡਾਕਟਰ ਉਸ ਨੂੰ ਦੱਸ ਰਿਹਾ ਸੀ ਕਿ ਸਾਰੀਆਂ ਰਿਪੋਰਟਾਂ ਠੀਕ ਹਨ। ਅਚਾਨਕ ਹੋਈ ਮੌਤ ਤੋਂ ਬਾਅਦ ਡਾਕਟਰ ਨੇ ਕੋਈ ਦਿਲਾਸਾ ਦੇਣ ਵਾਲਾ ਜਵਾਬ ਨਹੀਂ ਦਿੱਤਾ ਅਤੇ ਆਪਣੇ ਕਮਰੇ ਵਿਚ ਜਾ ਕੇ ਬੈਠ ਗਿਆ।

ਜਦੋਂਕਿ ਐਸਐਮਓ ਡਾ. ਮਨਿੰਦਰ ਸਿੰਘ ਭਸੀਨ ਨੇ ਕਿਹਾ ਕਿ ਉਨ੍ਹਾਂ ਕੋਲ ਕੋਈ ਸ਼ਿਕਾਇਤ ਨਹੀਂ ਆਈ ਹੈ। ਜੇਕਰ ਇਸ ਸਬੰਧੀ ਕੋਈ ਸ਼ਿਕਾਇਤ ਮਿਲਦੀ ਹੈ ਤਾਂ ਬਣਦੀ ਕਾਰਵਾਈ ਕੀਤੀ ਜਾਵੇਗੀ।