ਇਨ੍ਹਾਂ ਕਲਾਕਾਰਾਂ ਦੇ TikTok ਵੀਡੀਓ ਤੁਸੀਂ ਜ਼ਰੂਰ ਵੇਖੇ ਹੋਣਗੇ, ਪੜ੍ਹੋ ਸਟਾਰ ਬਣਨ ਦੇ ਪਿੱਛੇ ਦੀ ਕਹਾਣੀ

0
14899

ਗੁਰਪ੍ਰੀਤ ਡੈਨੀ | ਜਲੰਧਰ

ਲੌਕਡਾਊਨ ਤੇ ਕਰਫਿਊ ਵਿਚਾਲੇ ਭਾਵੇਂ ਤੁਸੀਂ ਕਦੇ ਟਿਕਟੌਕ ਨਾ ਚਲਾਇਆ ਹੋਵੇ ਪਰ ਤੁਹਾਨੂੰ ਵਟਸਐਪ ‘ਤੇ ਵਾਇਰਲ ਹੋ ਰਹੇ ਵੀਡੀਓ ਜ਼ਰੂਰ ਮਿਲੇ ਹੋਣਗੇ। ਪਤੀ-ਪਤਨੀ, ਸੱਸ ਦਾ ਸਰਕਾਰ ਤੇ ਜਨਤਾ ਵਿਚਾਲੇ ਗੱਲਬਾਤ ਵਾਲਾ ਟਿਕਟੌਕ ਵੀ ਤੁਸੀਂ ਜ਼ਰੂਰ ਦੇਖਿਆ ਹੋਣਾ ਹੈ। ਜੇਕਰ ਨਹੀਂ ਵੇਖਿਆ ਤਾਂ ਹੁਣ ਵੇਖ ਲਓ, ਫਿਰ ਤੁਹਾਨੂੰ ਇਨ੍ਹਾਂ ਟਿਕਟੌਕ ਕਲਾਕਾਰਾਂ ਦੀ ਪੂਰੀ ਕਹਾਣੀ ਦੱਸਦੇ ਹਾਂ।

ਵੀਡਿਓ ‘ਚ ਸਰਕਾਰ ਦੇ ਰੋਲ ‘ਚ 34 ਸਾਲ ਦੇ ਮਨਦੀਪ ਕੌਰ ਹਨ। ਜਨਤਾ ਦੇ ਰੋਲ ਵਿੱਚ ਉਨ੍ਹਾਂ ਦੀ ਸੱਸ 67 ਵਰ੍ਹਿਆਂ ਦੀ ਹਰਬੰਸ ਕੌਰ ਅਤੇ ਸ਼ਰਾਬੀ ਦਾ ਰੋਲ ਮਨਦੀਪ ਕੌਰ ਦੇ 37 ਸਾਲ ਦੇ ਪਤੀ ਜਤਿੰਦਰ ਸਿੰਘ ਨਿਭਾ ਰਹੇ ਹਨ। ਇਹ ਪੰਜਾਬੀ ਪਰਿਵਾਰ ਮੱਧ ਪ੍ਰਦੇਸ਼ ਦੇ ਛੱਤਰਪੁਰ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਟਿਕਟੌਕ ‘ਤੇ ਇਨ੍ਹਾਂ ਨੂੰ 33 ਲੱਖ ਤੋਂ ਵੱਧ ਲੋਕ ਫਾਲੋ ਕਰਦੇ ਹਨ ਤੇ 12 ਕਰੋੜ ਲਾਇਕ ਹਨ। 213 ਵੀਡੀਓ ਹੁਣ ਤੱਕ ਇਹ ਪੋਸਟ ਕਰ ਚੁੱਕੇ ਹਨ। ਅਕਾਊਂਟ ਹੈਂਡਲ @mdeepkur87 ਹੈ।

ਪਤੀ ਮਿਊਜਿਕ ਪ੍ਰੋਡਿਊਸਰ ਅਤੇ ਪਤਨੀ ਹੈ ਲੈਕਚਰਰ

ਜਤਿੰਦਰ ਸਿੰਘ ਪੇਸ਼ੇ ਤੋਂ ਮਿਊਜ਼ਿਕ ਪ੍ਰੋਡਿਊਸਰ ਹਨ। ਮੱਧ ਪ੍ਰਦੇਸ਼ ‘ਚ ਮਿਊਜ਼ਿਕ ਬਨਾਉਂਦੇ ਹਨ। ਪਤਨੀ ਮਨਦੀਪ ਕੌਰ ਮੋਹਾਲੀ ਦੇ ਰਹਿਣ ਵਾਲੇ ਹਨ। ਉਹਨਾਂ ਨੇ ਲੈਬ ਟੈਕਨੀਸ਼ਿਅਨ ਦੀ ਪੜ੍ਹਾਈ ਕੀਤੀ ਹੈ। ਵਿਆਹ ਤੋਂ ਪਹਿਲਾਂ ਚੰਡੀਗੜ੍ਹ ਯੂਨੀਵਰਸਿਟੀ ‘ਚ ਲੈਕਚਰਰ ਸਨ। ਹੁਣ ਘਰ ਸਾਂਭਣ ਦੇ ਨਾਲ-ਨਾਲ ਟਿਕਟੌਕ ‘ਤੇ ਸਰਗਰਮ ਰਹਿੰਦੇ ਹਨ।

ਕਿਵੇਂ ਸ਼ੁਰੂ ਹੋਏ ਵੀਡੀਓ

ਜਤਿੰਦਰ ਦੱਸਦੇ ਹਨ- ਸਭ ਤੋਂ ਪਹਿਲਾਂ ਮਨਦੀਪ ਨੇ ਵੀਡੀਓ ਬਣਾਉਣੇ ਸ਼ੁਰੂ ਕੀਤੇ। ਲੋਕਾਂ ਨੇ ਪਸੰਦ ਕੀਤੇ ਤਾਂ ਉਸ ਨੇ ਮੈਨੂੰ ਵੀ ਨਾਲ ਜੁੜਣ ਲਈ ਕਿਹਾ। ਮੈਂ ਵੀ ਵੀਡਿਓ ‘ਚ ਆਇਆ ਤਾਂ ਲੋਕਾਂ ਨੇ ਹੋਰ ਰਿਸਪੌਂਸ ਦਿੱਤਾ। ਪਿਤਾ ਜੀ ਦੀ ਮੌਤ ਤੋਂ ਬਾਅਦ ਮਾਂ ਉਦਾਸ ਰਹਿੰਦੀ ਸੀ, ਮਨਦੀਪ ਨੇ ਉਨ੍ਹਾਂ ਨੂੰ ਵੀ ਵੀਡੀਓ ‘ਚ ਸ਼ਾਮਲ ਕੀਤਾ। ਲੋਕਾਂ ਨੂੰ ਸੱਸ-ਨੂੰਹ ਦੀ ਕਾਮੇਡੀ ਹੋਰ ਚੰਗੀ ਲੱਗੀ। ਲੋਕਾਂ ਦੇ ਰਿਸਪੌਂਸ ਤੋਂ ਬਾਅਦ ਅਸੀਂ ਲਗਾਤਾਰ ਵੀਡੀਓ ਬਣਾਉਣੇ ਸ਼ੁਰੂ ਕਰ ਦਿੱਤੇ। ਪਿਛਲੇ ਦੋ ਸਾਲ ਤੋਂ ਲਗਾਤਾਰ ਅਸੀਂ ਰੋਜ਼ਾਨਾਂ ਦੋ ਵੀਡੀਓ ਜ਼ਰੂਰ ਪੋਸਟ ਕਰਦੇ ਹਾਂ।

ਸਾਡੇ ਵੀਡੀਓ ਵੇਖ ਸੱਸਾਂ-ਨੂੰਹਾਂ ਦੀ ਟਿਊਨਿੰਗ ਚੰਗੀ ਹੋ ਗਈ

ਸੱਸ ਨਾਲ ਵੀਡੀਓ ਬਣਾ ਕੇ ਮਨਦੀਪ ਬੜਾ ਮਾਣ ਮਹਿਸੂਸ ਕਰਦੇ ਹਨ। ਕਹਿੰਦੇ ਹਨ- ਅਸੀਂ ਆਪਣੇ ਵੀਡੀਓ ‘ਚ ਰੋਜ਼ਾਨਾਂ ਦੀ ਜ਼ਿੰਦਗੀ ਵਿੱਚ ਹੋਣ ਵਾਲੇ ਵਰਤਾਰੇ ਹੀ ਵਿਖਾਉਂਦੇ ਹਾਂ। ਸੱਸ-ਨੂੰਹ ਦੇ ਰਿਸ਼ਤੇ ਨੂੰ ਦੁਨੀਆ ਅਜੀਬ ਤਰੀਕੇ ਨਾਲ ਵੇਖਦੀ ਹੈ। ਹਮੇਸ਼ਾ ਗਲਤੀ ਨਾ ਤਾਂ ਸੱਸ ਦੀ ਹੁੰਦੀ ਹੈ ਤੇ ਨਾ ਹੀ ਨੂੰਹ ਦੀ। ਮੇਰੀਆਂ ਕਈ ਸਹੇਲੀਆਂ ਆਪਣੀ ਸੱਸ ਦੀ ਬੁਰਾਈ ਕਰਦੀਆਂ ਹਨ ਤਾਂ ਮੈਂ ਉਨ੍ਹਾਂ ਨੂੰ ਵੀ ਸੱਸ ਨਾਲ ਵੀਡੀਓ ਬਨਾਉਣ ਦੀ ਸਲਾਹ ਦਿੰਦੀ ਹਾਂ। ਕਈਆਂ ਨੇ ਤਾਂ ਵੀਡੀਓ ਬਣਾਉਣੇ ਸ਼ੁਰੂ ਵੀ ਕਰ ਦਿੱਤੇ ਹਨ। ਇਸ ਤਰ੍ਹਾਂ ਸੱਸ-ਨੂੰਹ ਆਪਸ ‘ਚ ਜ਼ਿਆਦਾ ਟਾਇਮ ਬਿਤਾਉਂਦੀਆਂ ਨੇ ਅਤੇ ਟਿਊਨਿੰਗ ਚੰਗੀ ਹੋ ਜਾਂਦੀ ਹੈ।

ਕਈ ਕੰਪਨੀਆਂ ਨਾਲ ਕਰਦੇ ਹਨ ਕੰਮ

ਜਤਿੰਦਰ, ਪਤਨੀ ਅਤੇ ਸੱਸ ਨਾਲ ਜਿਹੜੇ ਟਿਕ-ਟੌਕ ਵੀਡੀਓ ਬਣਾਉਂਦੇ ਹਨ ਉਨ੍ਹਾਂ ‘ਚ ਕਈ ਕੰਪਨੀਆਂ ਦੀ ਮਸ਼ਹੂਰੀ ਵੀ ਹੁੰਦੀ ਹੈ। ਕਈ ਬ੍ਰੈਂਡ ਇਨ੍ਹਾਂ ਦੇ ਵੀਡੀਓ ‘ਚ ਆਪਣਾ ਪ੍ਰਾਡੈਕਟ ਵਿਖਾਉਣਾ ਚਾਹੁੰਦੇ ਹਨ। ਇਨ੍ਹਾਂ ਨੇ ਮੁੰਬਈ ‘ਚ ਇੱਕ ਮੈਨੇਜਰ ਵੀ ਰੱਖਿਆ ਹੈ ਜਿਹੜਾ ਇਹਨਾਂ ਦੀ ਬਿਜ਼ਨੈੱਸ ਡੀਲ ਫਾਇਨਲ ਕਰਦਾ ਹੈ। ਜਤਿੰਦਰ ਕਹਿੰਦੇ ਹਨ- ਇਹ ਚੰਗਾ ਵੀ ਲੱਗਦਾ ਹੈ। ਸਭ ਤੋਂ ਵੱਧ ਖੁਸ਼ੀ ਉਸ ਵੇਲੇ ਹੁੰਦੀ ਹੈ ਜਦੋਂ ਕੋਈ ਕਹਿੰਦਾ ਹੈ ਕਿ ਅਸੀਂ ਤੁਹਾਡੀਆਂ ਵੀਡੀਓ ਪਰਿਵਾਰ ‘ਚ ਬੈਠ ਕੇ ਵੇਖਦੇ ਹਾਂ। ਇੱਕ ਨੇ ਤਾਂ ਕਿਹਾ ਕਿ ਉਸ ਦੀ ਮਾਂ ਨੂੰ ਕੈਂਸਰ ਹੈ ਪਰ ਸਾਡੀ ਵੀਡੀਓ ਵੇਖ ਕੇ ਉਹ ਖੁਸ਼ ਹੁੰਦੇ ਹਨ। ਇਸ ਤੋਂ ਵੱਡੀ ਸਾਡੇ ਲਈ ਕੀ ਗੱਲ ਹੋ ਸਕਦੀ ਹੈ।

ਮਨਦੀਪ, ਜਤਿੰਦਰ ਅਤੇ ਹਰਬੰਸ ਕੌਰ।