ਪੰਜਾਬ ‘ਚ ਸੰਘਣੀ ਧੁੰਦ ਤੇ ਸੀਤ ਲਹਿਰ ਦਾ ਵਧਿਆ ਕਹਿਰ, ਠੰਡ ਦੇ ਮੱਦੇਨਜ਼ਰ ਰੇਲਵੇ ਵਿਭਾਗ ਨੇ ਜਾਰੀ ਕੀਤਾ ਇਹ ਨਿਰਦੇਸ਼

0
567

ਚੰਡੀਗੜ੍ਹ, 6 ਜਨਵਰੀ | ਪੰਜਾਬ ਵਿਚ ਸੰਘਣੀ ਧੁੰਦ ਅਤੇ ਸੀਤ ਲਹਿਰ ਦਾ ਕਹਿਰ ਲਗਾਤਾਰ ਜਾਰੀ ਹੈ। ਮੌਸਮ ਵਿਭਾਗ ਨੇ ਕੱਲ ਪੰਜਾਬ ਵਿਚ ਧੁੰਦ ਅਤੇ ਸੀਤ ਲਹਿਰ ਨੂੰ ਲੈ ਕੇ ਹੋਰ ਵੱਡਾ ਅਲਰਟ ਜਾਰੀ ਕੀਤਾ ਸੀ। ਇਸ ਦੇ ਨਾਲ ਹੀ ਅੱਜ ਪੂਰਬੀ ਮਾਲਵੇ ਵਿਚ ਸੰਘਣੀ ਧੁੰਦ ਕਾਰਨ ਵਿਜ਼ੀਬਿਲਟੀ 50 ਮੀਟਰ ਤੋਂ ਵੀ ਘੱਟ ਹੋ ਗਈ ਹੈ। ਇਹੀ ਹਾਲ ਅੰਮ੍ਰਿਤਸਰ, ਜਲੰਧਰ ਅਤੇ ਆਲੇ-ਦੁਆਲੇ ਦੇ ਜ਼ਿਲ੍ਹਿਆਂ ਦਾ ਹੈ।

Punjab Weather Update

ਮੌਸਮ ਵਿਭਾਗ ਅਨੁਸਾਰ ਪੂਰਬੀ ਮਾਲਵੇ ਦੇ ਲੁਧਿਆਣਾ, ਪਟਿਆਲਾ, ਰੂਪਨਗਰ ਅਤੇ ਸੰਗਰੂਰ ਵਿਚ ਅੱਧੀ ਰਾਤ ਤੋਂ ਹੀ ਸੰਘਣੀ ਧੁੰਦ ਛਾਈ ਹੋਈ ਹੈ। ਇਸ ਤੋਂ ਇਲਾਵਾ ਮੌਸਮ ਵਿਭਾਗ ਨੇ ਅੰਮ੍ਰਿਤਸਰ, ਤਰਨਤਾਰਨ, ਪਠਾਨਕੋਟ, ਜਲੰਧਰ, ਹੁਸ਼ਿਆਰਪੁਰ, ਲੁਧਿਆਣਾ, ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਵਿਚ ਆਰੇਂਜ ਅਲਰਟ ਜਾਰੀ ਕੀਤਾ ਹੈ। ਪਿਛਲੇ ਇਕ ਹਫ਼ਤੇ ਤੋਂ ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਧੁੱਪ ਨਹੀਂ ਨਿਕਲੀ, ਜਦਕਿ ਹੁਣ ਤੇਜ਼ ਹਵਾਵਾਂ ਚੱਲਣ ਕਾਰਨ ਕੰਬਣੀ ਵਧ ਗਈ ਹੈ। ਅਜਿਹੇ ‘ਚ ਲੁਧਿਆਣਾ ਸਮੇਤ ਪੰਜਾਬ ਦੇ ਕਈ ਜ਼ਿਲਿਆਂ ‘ਚ ਕੜਾਕੇ ਦੀ ਠੰਡ ਨੇ ਰਿਕਾਰਡ ਤੋੜ ਦਿੱਤੇ ਹਨ।

ਅੰਮ੍ਰਿਤਸਰ ਵਿਚ ਧੁੰਦ ਕਾਰਨ ਬਰਮਿੰਘਮ ਤੋਂ ਆਉਣ ਵਾਲੀ ਫਲਾਈਟ ਦੇ 1.40 ਮਿੰਟ ਦੀ ਦੇਰੀ ਨਾਲ ਲੈਂਡ ਹੋਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਦੁਬਈ ਲਈ ਰਵਾਨਾ ਹੋਣ ਵਾਲੀ ਫਲਾਈਟ ਸਵੇਰੇ 8.40 ਦੀ ਬਜਾਏ ਦੁਪਹਿਰ 12 ਵਜੇ ਟੇਕ ਆਫ ਕਰੇਗੀ। ਇੰਨਾ ਹੀ ਨਹੀਂ ਵਿਸਤਾਰਾ ਦੀ ਮੁੰਬਈ-ਅੰਮ੍ਰਿਤਸਰ ਫਲਾਈਟ ਅੱਜ ਸਵੇਰੇ 35 ਮਿੰਟ ਲੇਟ ਹੋਈ।

ਧੁੰਦ ਕਾਰਨ ਰੇਲ ਗੱਡੀਆਂ ‘ਤੇ ਵੀ ਇਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਅੰਮ੍ਰਿਤਸਰ ਤੋਂ ਦਿੱਲੀ ਲਈ ਰਵਾਨਾ ਹੋਣ ਵਾਲੀਆਂ ਟਰੇਨਾਂ ਤੈਅ ਸਮੇਂ ਤੋਂ ਪਿੱਛੇ ਚੱਲ ਰਹੀਆਂ ਹਨ। ਰੇਲਵੇ ਨੇ 139 ‘ਤੇ ਕਾਲ ਕਰਕੇ ਜਾਂ NTES ਦੀ ਅਧਿਕਾਰਤ ਵੈੱਬਸਾਈਟ ‘ਤੇ ਜਾਣਕਾਰੀ ਲੈਣ ਤੋਂ ਬਾਅਦ ਹੀ ਰੇਲਵੇ ਸਟੇਸ਼ਨ ‘ਤੇ ਆਉਣ ਦਾ ਨਿਰਦੇਸ਼ ਦਿੱਤਾ ਹੈ। ਅੰਮ੍ਰਿਤਸਰ ਤੋਂ ਸਵੇਰੇ ਰਵਾਨਾ ਹੋਣ ਵਾਲੀਆਂ ਟਰੇਨਾਂ ਨਿਰਧਾਰਤ ਸਮੇਂ ਤੋਂ ਪਿੱਛੇ ਚੱਲ ਰਹੀਆਂ ਹਨ।