ਚੰਡੀਗੜ੍ਹ, 5 ਜਨਵਰੀ | ਮੋਹਾਲੀ ਵਿਚ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਹੈੱਡ ਕੁਆਰਟਰ ’ਤੇ ਆਰਪੀਜੀ ਹਮਲੇ ਅਤੇ ਚੰਡੀਗੜ੍ਹ ਸੈਕਟਰ-15 ਵਿਚ ਪੀਜੀ ਵਿਚ ਦਾਖ਼ਲ ਹੋ ਕੇ 2 ਵਿਦਿਆਰਥੀਆਂ ਦੇ ਕਤਲ ਦੇ ਮੁਲਜ਼ਮ ਦੀਪਕ ਉਰਫ਼ ਰੰਗਾ ਦੇ ਕਬਜ਼ੇ ਵਿਚੋਂ ਇਕ ਫੋਨ ਮਿਲਿਆ ਹੈ। ਇਸ ਮਾਮਲੇ ਵਿਚ ਥਾਣਾ ਸਦਰ ਦੀ ਪੁਲਿਸ ਨੇ ਉਸ ਨੂੰ ਰਸਮੀ ਤੌਰ ’ਤੇ ਗ੍ਰਿਫ਼ਤਾਰ ਕਰਕੇ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਹੈ।
ਦੱਸ ਦਈਏ ਦੀਪਕ ਇਸ ਸਮੇਂ ਬੁੜੈਲ ਜੇਲ ਵਿਚ ਬੰਦ ਹੈ। ਪੁਲਿਸ ਮੋਬਾਇਲ ਦੀ ਜਾਂਚ ਕਰ ਰਹੀ ਹੈ ਕਿ ਇਸ ਤੋਂ ਕਿੰਨੀਆਂ ਕਾਲਾਂ ਹੋਈਆਂ ਅਤੇ ਇਹ ਦੀਪਕ ਉਰਫ਼ ਰੰਗਾ ਕੋਲ ਕਿੰਨੇ ਸਮੇਂ ਤੋਂ ਸੀ ਅਤੇ ਕਿੱਥੋਂ ਆਇਆ। ਸੈਕਟਰ-49 ਥਾਣੇ ਦੀ ਪੁਲਿਸ ਨੇ ਰੰਗਾ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਦੀਪਕ ਰੰਗਾ ਦਾ ਨਾਂ ਰਾਣਾ ਕੰਦੋਵਾਲੀਆ ਦੇ ਕਤਲ ਨਾਲ ਵੀ ਜੁੜਿਆ ਸੀ। ਇਲਜ਼ਾਮ ਅਨੁਸਾਰ ਲਾਰੈਂਸ ਦੇ ਨਿਰਦੇਸ਼ਾਂ ‘ਤੇ ਦੀਪਕ ਰੰਗਾ ਨੇ ਨਾਬਾਲਗ ਸੋਨੂੰ ਡਾਗਰ ਅਤੇ ਹੈਪੀ ਨਾਲ ਮਿਲ ਕੇ ਕੇਡੀ ਹਸਪਤਾਲ ਅੰਮ੍ਰਿਤਸਰ ਵਿਖੇ ਰਾਣਾ ਕੰਦੋਵਾਲੀਆ ਦਾ ਕਤਲ ਕਰ ਦਿੱਤਾ ਸੀ। ਇਸ ਤੋਂ ਬਾਅਦ ਦੀਪਕ ਰੰਗਾ ਅੱਤਵਾਦੀ ਰਿੰਦਾ ਦੇ ਸੰਪਰਕ ‘ਚ ਆਇਆ ਅਤੇ ਉਸ ਦੇ ਕਹਿਣ ‘ਤੇ ਉਸ ਨੇ ਨਾਬਾਲਗ ਦੋਸ਼ੀ ਨਾਲ ਮਿਲ ਕੇ ਮਹਾਰਾਸ਼ਟਰ ‘ਚ ਸੰਜੇ ਬਿਆਨੀ ਨਾਂ ਦੇ ਵਿਅਕਤੀ ਦਾ ਕਤਲ ਕਰ ਦਿੱਤਾ।
ਸਾਲ 2019 ਵਿਚ ਦੀਪਕ ਨੇ ਚੰਡੀਗੜ੍ਹ ਸੈਕਟਰ-15 ਵਿਚ ਕਾਲਜ ਦੇ 2 ਵਿਦਿਆਰਥੀਆਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਸੂਤਰਾਂ ਮੁਤਾਬਕ ਉਸ ਨੇ ਇਸ ਲਈ 2 ਤੋਂ 3 ਲੱਖ ਰੁਪਏ ਲਏ ਸਨ। ਇਸ ਦੇ ਨਾਲ ਹੀ ਮੋਹਾਲੀ ਆਰਪੀਜੀ ਹਮਲੇ ਲਈ ਉਸ ਨੂੰ 10 ਤੋਂ 15 ਲੱਖ ਰੁਪਏ ਮਿਲੇ ਸਨ, ਜੋ ਅੱਤਵਾਦੀ ਰਿੰਦਾ ਨੇ ਭੇਜੇ ਸਨ। ਦੀਪਕ ਮੂਲ ਰੂਪ ਤੋਂ ਹਰਿਆਣਾ ਦੇ ਪਿੰਡ ਸੁਰਖਪੁਰ ਦਾ ਰਹਿਣ ਵਾਲਾ ਹੈ ਅਤੇ ਸ਼ਾਰਪ ਸ਼ੂਟਰ ਹੈ।








































