ਸਵਾਤੀ ਮਾਲੀਵਾਲ ਨੂੰ ਮਿਲੇਗੀ ਰਾਜ ਸਭਾ ਦੀ ਟਿਕਟ, ‘AAP’ ਨੇ ਦਿੱਲੀ ਤੋਂ ਐਲਾਨੇ 3 ਉਮੀਦਵਾਰ

0
278

ਨਵੀਂ ਦਿੱਲੀ, 5 ਜਨਵਰੀ | ਆਮ ਆਦਮੀ ਪਾਰਟੀ ਨੇ ਅੱਜ ਦਿੱਲੀ ਮਹਿਲਾ ਕਮਿਸ਼ਨ (ਡੀ.ਸੀ.ਡਬਲਿਊ.) ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੂੰ 19 ਜਨਵਰੀ ਨੂੰ ਹੋਣ ਵਾਲੀਆਂ ਰਾਜ ਸਭਾ ਚੋਣਾਂ ਲਈ ਆਪਣਾ ਉਮੀਦਵਾਰ ਨਾਮਜ਼ਦ ਕੀਤਾ ਹੈ। ਇਸ ਤੋਂ ਇਲਾਵਾ ਪਾਰਟੀ ਨੇ ਸੰਜੇ ਸਿੰਘ ਅਤੇ ਐੱਨ.ਡੀ. ਗੁਪਤਾ ਨੂੰ ਵੀ ਉੱਪਰੀ ਸਦਨ ਵਿਚ ਦੂਜੀ ਵਾਰ ਲਈ ਮੁੜ ਨਾਮਜ਼ਦ ਕੀਤਾ ਹੈ।

ਪਾਰਟੀ ਦੀ ਸਿਆਸੀ ਮਾਮਲਿਆਂ ਦੀ ਕਮੇਟੀ (ਪੀਏਸੀ) ਨੇ ਨਾਮਜ਼ਦਗੀਆਂ ਦਾ ਐਲਾਨ ਕੀਤਾ। ਕਮੇਟੀ ਨੇ ਸੰਜੇ ਸਿੰਘ ਅਤੇ ਐੱਨ.ਡੀ. ਗੁਪਤਾ ਨੂੰ ਰਾਜ ਸਭਾ ਮੈਂਬਰ ਵਜੋਂ ਆਪਣੇ ਦੂਜੇ ਕਾਰਜਕਾਲ ਲਈ ਮੁੜ ਨਾਮਜ਼ਦ ਕਰਨ ਦਾ ਫੈਸਲਾ ਕੀਤਾ ਹੈ। ਸੂਤਰਾਂ ਨੇ ਦੱਸਿਆ ਕਿ ਰਾਜ ਸਭਾ ਮੈਂਬਰ ਵਜੋਂ ਸੁਸ਼ੀਲ ਕੁਮਾਰ ਗੁਪਤਾ ਦਾ ਕਾਰਜਕਾਲ ਇਸ ਮਹੀਨੇ ਖ਼ਤਮ ਹੋ ਜਾਵੇਗਾ। ਉਨ੍ਹਾਂ ਨੇ ਹਰਿਆਣਾ ਦੀ ਚੋਣ ਰਾਜਨੀਤੀ ਵਿਚ ਪੂਰੀ ਤਰ੍ਹਾਂ ਸਰਗਰਮ ਹੋਣ ਦੀ ਇੱਛਾ ਜ਼ਾਹਰ ਕੀਤੀ ਹੈ, ਜਿਥੇ ‘ਆਪ’ ਇਸ ਸਾਲ ਦੇ ਅੰਤ ਵਿਚ ਚੋਣਾਂ ਲੜਨਾ ਚਾਹੁੰਦੀ ਹੈ।

ਮਨੀ ਲਾਂਡਰਿੰਗ ਮਾਮਲੇ ਵਿਚ ਗ੍ਰਿਫ਼ਤਾਰ ਸੰਜੇ ਸਿੰਘ ਨੂੰ ਅਦਾਲਤ ਨੇ ਰਾਜ ਸਭਾ ਮੈਂਬਰ ਵਜੋਂ ਮੁੜ ਨਾਮਜ਼ਦਗੀ ਲਈ ਦਸਤਾਵੇਜ਼ਾਂ ’ਤੇ ਦਸਤਖ਼ਤ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ।