ਅਮਰੀਕਾ, 29 ਨਵੰਬਰ | ਅਮਰੀਕਾ ਦਸੰਬਰ ’ਚ ਕੁਝ ਸ਼੍ਰੇਣੀਆਂ ਦੇ ਐੱਚ-1ਬੀ ਵੀਜ਼ਾ ਨਵੀਨੀਕਰਨ ਲਈ ਪਾਇਲਟ ਪ੍ਰੋਗਰਾਮ ਸ਼ੁਰੂ ਕਰਨ ਜਾ ਰਿਹਾ ਹੈ, ਜਿਸ ਨਾਲ ਵੱਡੀ ਗਿਣਤੀ ’ਚ ਭਾਰਤੀ ਤਕਨਾਲੋਜੀ ਪੇਸ਼ੇਵਰਾਂ ਨੂੰ ਲਾਭ ਹੋਵੇਗਾ। ਐਚ-1ਬੀ ਵੀਜ਼ਾ ਇਕ ਗੈਰ-ਪ੍ਰਵਾਸੀ ਵੀਜ਼ਾ ਹੈ ਜੋ ਅਮਰੀਕੀ ਕੰਪਨੀਆਂ ਨੂੰ ਵਿਸ਼ੇਸ਼ ਪੇਸ਼ਿਆਂ ’ਚ ਵਿਦੇਸ਼ੀ ਕਾਮਿਆਂ ਨੂੰ ਨਿਯੁਕਤ ਕਰਨ ਦੀ ਇਜਾਜ਼ਤ ਦਿੰਦਾ ਹੈ ਜਿਨ੍ਹਾਂ ਲਈ ਸਿਧਾਂਤਕ ਜਾਂ ਤਕਨੀਕੀ ਮੁਹਾਰਤ ਦੀ ਲੋੜ ਹੁੰਦੀ ਹੈ। ਤਕਨਾਲੋਜੀ ਕੰਪਨੀਆਂ ਹਰ ਸਾਲ ਭਾਰਤ ਅਤੇ ਚੀਨ ਵਰਗੇ ਦੇਸ਼ਾਂ ਤੋਂ ਹਜ਼ਾਰਾਂ ਕਰਮਚਾਰੀਆਂ ਦੀ ਭਰਤੀ ਕਰਦੀਆਂ ਹਨ।
ਪਾਇਲਟ ਪ੍ਰੋਗਰਾਮ ’ਚ ਸਿਰਫ 20 ਹਜ਼ਾਰ ਉਮੀਦਵਾਰ ਸ਼ਾਮਲ ਹੋਣਗੇ, ਦਾ ਐਲਾਨ ਜੂਨ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਮਰੀਕਾ ਦੌਰੇ ਦੌਰਾਨ ਕੀਤਾ ਗਿਆ ਸੀ। ਉਪ ਸਹਾਇਕ ਵਿਦੇਸ਼ ਮੰਤਰੀ ਜੂਲੀ ਸਟਫਟ ਨੇ ਇਕ ਇੰਟਰਵਿਊ ’ਚ ਕਿਹਾ, ‘‘ਭਾਰਤ ’ਚ ਅਮਰੀਕੀ ਵੀਜ਼ਾ ਦੀ ਮੰਗ ਅਜੇ ਵੀ ਬਹੁਤ ਜ਼ਿਆਦਾ ਹੈ। ਅਸੀਂ ਨਹੀਂ ਚਾਹੁੰਦੇ ਕਿ ਉਡੀਕ ਦੀ ਮਿਆਦ 6, 8 ਅਤੇ 12 ਮਹੀਨੇ ਹੋਵੇ।’’
ਉਨ੍ਹਾਂ ਕਿਹਾ, ‘‘ਅਸੀਂ ਇਹ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਯਾਤਰੀਆਂ ਨੂੰ ਇੰਟਰਵਿਊ ਦਾ ਸਮਾਂ ਜਲਦੀ ਤੋਂ ਜਲਦੀ ਮਿਲੇ। ਅਸੀਂ ਇਕ ਪਾਸੇ ਘਰੇਲੂ ਵੀਜ਼ਾ ਨਵੀਨੀਕਰਨ ਪ੍ਰੋਗਰਾਮ ਰਾਹੀਂ ਅਜਿਹਾ ਕਰ ਰਹੇ ਹਾਂ ਜੋ ਮੁੱਖ ਤੌਰ ’ਤੇ ਭਾਰਤ ’ਤੇ ਕੇਂਦਰਿਤ ਹੈ।’’ ਦਸੰਬਰ ਤੋਂ ਤਿੰਨ ਮਹੀਨਿਆਂ ਦੀ ਮਿਆਦ ਵਿਚ ਵਿਦੇਸ਼ ਵਿਭਾਗ ਉਨ੍ਹਾਂ ਵਿਦੇਸ਼ੀ ਨਾਗਰਿਕਾਂ ਨੂੰ 20 ਹਜ਼ਾਰ ਵੀਜ਼ਾ ਜਾਰੀ ਕਰੇਗਾ ਜੋ ਪਹਿਲਾਂ ਹੀ ਦੇਸ਼ ਵਿਚ ਹਨ।
ਉਨ੍ਹਾਂ ਕਿਹਾ, ‘‘ਅਸੀਂ ਪਹਿਲੇ ਗਰੁੱਪ ’ਚ 20 ਹਜ਼ਾਰ ਵੀਜ਼ਾ ਜਾਰੀ ਕਰਾਂਗੇ। ਇਸ ’ਚੋਂ ਜ਼ਿਆਦਾਤਰ ਅਮਰੀਕਾ ਵਿਚ ਰਹਿ ਰਹੇ ਭਾਰਤੀ ਨਾਗਰਿਕ ਹੋਣਗੇ ਅਤੇ ਅਸੀਂ ਇਸ ਦਾ ਹੋਰ ਵਿਸਥਾਰ ਕਰਾਂਗੇ। ਸਟਫਟ ਨੇ ਕਿਹਾ ਕਿ ਅਮਰੀਕਾ ਵਲੋਂ ‘ਪੇਪਰਲੈੱਸ ਵੀਜ਼ਾ’ ਜਾਰੀ ਕਰਨ ਦਾ ਪਾਇਲਟ ਪ੍ਰੋਗਰਾਮ ਸਫਲਤਾਪੂਰਵਕ ਪੂਰਾ ਕਰਨ ਤੋਂ ਬਾਅਦ ਪਾਸਪੋਰਟ ’ਤੇ ਵੀਜ਼ਾ ’ਤੇ ਮੋਹਰ ਲਗਾਉਣਾ ਜਾਂ ਕਾਗਜ਼ ਚਿਪਕਾਉਣਾ ਹੁਣ ਪੁਰਾਣੀ ਗੱਲ ਹੋ ਜਾਵੇਗੀ।
ਅਮਰੀਕਾ ਨੇ ਹਾਲ ਹੀ ਵਿਚ ਡਬਲਿਨ ਵਿਚ ਆਪਣੇ ਡਿਪਲੋਮੈਟਿਕ ਮਿਸ਼ਨ ਵਿਚ ਛੋਟੇ ਪੱਧਰ ’ਤੇ ਪ੍ਰੋਗਰਾਮ ਪੂਰਾ ਕੀਤਾ ਹੈ ਅਤੇ ਇਸ ਨੂੰ ਵੱਡੇ ਪੱਧਰ ’ਤੇ ਸ਼ੁਰੂ ਕਰਨ ਦੀ ਯੋਜਨਾ ਬਣਾ ਰਿਹਾ ਹੈ। ਸਟਫਟ ਨੇ ਕਿਹਾ, ‘‘ਇਸ ਨੂੰ ਵਿਆਪਕ ਤੌਰ ’ਤੇ ਵਰਤਣ ਲਈ ਸਾਨੂੰ ਸ਼ਾਇਦ 18 ਮਹੀਨੇ ਜਾਂ ਇਸ ਤੋਂ ਵੱਧ ਦਾ ਸਮਾਂ ਲੱਗੇਗਾ।