ਧਰਮ ਇਤਿਹਾਸ ਦੇ ਫਰਕ ਦਾ ਸਵਾਲ

0
7104

ਧਰਮ ਅਤੇ ਇਤਿਹਾਸ ਦੇ ਫਰਕ ਨੂੰ ਸਮਝਣ ਲਈ ਕੁਝ ਨੁਕਤੇ ਵਿਚਾਰਯੋਗ ਹਨ।

ਇਤਿਹਾਸ ਜਾਣਨ ਦੀ ਆਮ ਵਿਧੀ ਪਦਾਰਥਵਾਦੀ ਹੈ ਜਿਸਨੂੰ ਧਰਮ ਦੀ ਬੋਲੀ ਵਿੱਚ ਸੰਸਾਰੀ ਜਾਂ ਭੋਗਵਾਦੀ ਬਿਰਤੀ ਵੀ ਕਹਿੰਦੇ ਹਨ। ਇਹ ਵਿਧੀ ਨਾਲ ਧਰਮ ਜੀਵਨ ਸੇਧ ਨਾ ਹੋ ਕੇ ਇਤਿਹਾਸ ਵਾਂਗ ਅਧਿਐਨ ਦਾ ਇਕ ਵਿਸ਼ਾ ਬਣ ਜਾਂਦਾ ਹੈ ਜੋ ਬਿਰਤਾਂਤ ਦੇ ਅਰਥਾਂ ਤੱਕ ਸਿਮਟ ਜਾਂਦਾ ਹੈ। ਇਤਿਹਾਸ ਦੇ ਬਿਰਤਾਂਤ ਹੋਣ ਦੀ ਗੱਲ ਇਤਿਹਾਸ ਦੇ ਸਿਧਾਂਤਕਾਰਾਂ ਅਤੇ ਇਤਿਹਾਸਕਾਰਾਂ ਨੇ ਲਿਖਤ ਰੂਪ ਵਿਚ ਕਹੀ ਹੋਈ ਹੈ ਪਰ ਧਰਮ ਬਾਰੇ ਧਰਮ ਬਾਨੀਆਂ ਅਤੇ ਸਿਧਾਂਤਕਾਰਾਂ ਨੇ ਇਹ ਗੱਲ ਨਹੀਂ ਆਖੀ। ਦੋਵਾਂ ਪਾਸਿਆਂ ਦੇ ਸਿਧਾਂਤਕਾਰ ਆਪਣੇ ਆਪਣੇ ਪੱਖ ਬਾਰੇ ਕੀ ਕਹਿੰਦੇ ਹਨ, ਓਹਨਾ ਦੇ ਵਿਚਾਰ ਜਾਣੋ ਤਾਂ ਗਲ ਸੌਖੇ ਰੂਪ ਵਿੱਚ ਸਮਝ ਆਏਗੀ ਕਿ ਧਰਮ ਕੀ ਹੈ, ਧਰਮ ਅਤੇ ਇਤਿਹਾਸ ਦਾ ਅਸਲ ਵਿੱਚ ਕਿੰਨਾ ਕੁ ਫਰਕ ਹੈ।

ਮੂਲ ਅਸੂਲ: ਹਰ ਧਰਮ ਨੇ ਆਪਣੇ ਸ਼ਬਦਾਂ ਵਿਚ ਆਪਣੇ ਤਰੀਕੇ ਨਾਲ ਧਰਮ ਨੂੰ ਜਿੰਦਗੀ ਦਾ ਮੂਲ ਕਿਹਾ ਹੈ। ਧਰਮ ਦਾ ਸਾਦਾ ਅਰਥ ਮੂਲ ਅਸੂਲ ਬਣਦਾ ਹੈ (ਜਿਹੜੇ ਰੱਬ/ਧਰਮ ਨੂੰ ਨਹੀਂ ਮੰਨਦੇ ਓਹ ਵੀ ਨੈਤਿਕਤਾ ਨੂੰ ਤਾਂ ਮੰਨ ਹੀ ਲੈਂਦੇ ਹਨ)। ਧਰਮ ਦੀ ਗੱਲ ਧਰਮ ਬਾਨੀਆਂ ਅਨੁਸਾਰ ਸੱਚ ਦੀ ਗੱਲ ਹੁੰਦੀ ਹੈ। ਆਖਰ ਕੋਈ ਵੱਡਾ ਕਾਰਨ ਹੋਏਗਾ ਕਿ ਦੁਨੀਆ ਦੇ ਸਾਰੇ ਧਰਮਾਂ ਨੇ ਸੱਚ ਨੂੰ ਧਰਮ ਰੂਪ ਕਿਹਾ ਹੈ। ਇਸ ਦੇ ਉਲਟ ਇਤਿਹਾਸ ਦਾ ਕੋਈ ਸਿਧਾਂਤਕਾਰ ਜਾਂ ਵੱਡਾ ਇਤਿਹਾਸਕਾਰ ਇਤਿਹਾਸ ਦੇ ਸੱਚ ਹੋਣ ਦੀ ਗਵਾਹੀ ਨਹੀਂ ਭਰਦਾ। ਇਤਿਹਾਸਕਾਰ ਪੱਕੇ ਸਬੂਤਾਂ ਵਿਚ ਵੀ ਝੂਠ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕਰ ਸਕਦੇ। ਧਰਮ ਵਿਚ ਅਤੇ ਇਤਿਹਾਸ ਵਿਚ ਝੂਠ ਦੇ ਅਰਥਾਂ ਦਾ ਬਹੁਤ ਵੱਡਾ ਫਰਕ ਹੈ। ਸਾਰੇ ਧਰਮਾਂ ਨੇ ਅਤੇ ਬਹੁਤੇ ਨਾਸਤਕਾਂ ਨੇ ਵੀ ਝੂਠ ਨੂੰ ਮਾੜਾ ਕਿਹਾ ਹੈ। ਇਹ ਯਾਦ ਰਖਣਾ ਬਹੁਤ ਜਰੂਰੀ ਹੈ ਕਿ ਜਿੰਦਗੀ ਅਤੇ ਜਹਾਨ ਨੂੰ ਜਾਣਨ ਦੇ ਸਾਰੇ ਅਾਸਤਕ-ਨਾਸਤਕ ਰਾਹ ਸੱਚ ਝੂਠ ਦਾ ਪੈਮਾਨਾ ਤੈਅ ਕਰਕੇ ਹੀ ਆਪਣੇ ਵਿਚਾਰ ਦਾ ਢਾਂਚਾ ਖੜ੍ਹਾ ਕਰਦੇ ਹਨ। ਸੱਚ ਝੂਠ ਵਿਚਲਾ ਫਰਕ ਅਖੀਰ ਨੂੰ ਜਿੰਦਗੀ ਦੇ ਧੁਰੇ ਨਾਲ ਜੁੜ ਜਾਂਦਾ ਹੈ ਜਿਥੇ ਹਰ ਸਮਾਜ ਦੀਆਂ ਕਦਰਾਂ ਕੀਮਤਾਂ ਅਤੇ ਮਾਨਤਾਵਾਂ ਖੜ੍ਹੀਆਂ ਹੁੰਦੀਆਂ ਹਨ। ਇਸ ਕਰਕੇ ਇਹ ਗਲ ਬਹੁਤ ਧਿਆਨ ਨਾਲ ਸਮਝਣ ਵਾਲੀ ਹੈ ਕਿ ਧਰਮ ਅਤੇ ਇਤਿਹਾਸ ਵਿਚਲਾ ਫਰਕ ਕਿਹੜੇ ਕਾਰਨਾਂ ਕਰਕੇ ਸਮਾਜਕ ਮਾਨਤਾਵਾਂ ਵਾਲੀ ਸੱਚ-ਝੂਠ ਦੀ ਮੂਲ ਵੰਡ ਨਾਲ ਜੁੜਦਾ ਹੈ।

ਇਹਨੂੰ ਸਮਝਣ ਲਈ ਦੋ ਫਰਕ ਵੇਖਣ ਵਾਲੇ ਹਨ। ਪਹਿਲਾ ਫਰਕ ਹੈ ਮੂਲ ਅਸੂਲ ਮੰਨਣ ਦਾ। ਜੇ ਧਰਮ ਨੂੰ ਮੂਲ ਅਸੂਲ ਮੰਨੀਏ ਤਾਂ ਇਹ ਪਵਿੱਤਰਤਾ ਦੇ ਅਰਥ ਧਾਰਨ ਕਰਦਾ ਹੈ। ਪਵਿੱਤਰਤਾ ਦੇ ਘੇਰੇ ਤੋਂ ਬਾਹਰਲਾ ਸਭ ਕੁਝ ਸੰਸਾਰੀ ਜਾਣਕਾਰੀ ਹੀ ਹੈ। ਇਹਦੇ ਅਨੁਸਾਰ ਆਮ ਇਤਿਹਾਸ ਵੀ ਜਾਣਕਾਰੀ ਹੀ ਹੈ। ਜੇ ਆਮ ਇਤਿਹਾਸ ਨੂੰ ਮੂਲ ਅਸੂਲ ਮੰਨੀਏ ਤਾਂ ਧਰਮ ਅਤੇ ਇਤਿਹਾਸ ਸਮੇਤ ਸਭ ਕੁਝ ਹੀ ਜਾਣਕਾਰੀ ਹੈ। ਦੂਜਾ ਫਰਕ ਹੈ ਸਬੂਤ ਮੰਨਣ ਦਾ। ਧਰਮ ਲਈ ਸੱਚ ਅਮਲ ਦਾ ਮਹੱਤਵ ਹੈ ਅਤੇ ਉਹ ਹੀ ਸਬੂਤ ਹੈ। ਆਮ ਇਤਿਹਾਸ ਲਈ ਲਿਖਤੀ ਜਾਂ ਵਸਤਾਂ ਵਾਲੇ ਸਬੂਤਾਂ ਦਾ ਮਹੱਤਵ ਹੁੰਦਾ ਹੈ। ਇਤਿਹਾਸਕ ਸਚਾਈ ਸਬੂਤਾਂ ਦੀ ਮੁਹਤਾਜ ਹੁੰਦੀ ਹੈ।