ਸਿਹਤ ਮੰਤਰੀ ਦਾ ਪੰਜਾਬ ਵਾਸੀਆਂ ਨੂੰ ਤੋਹਫ਼ਾ : ਕਿਹਾ – 1 ਕਰੋੜ 60 ਲੱਖ ਲਾਭਪਾਤਰੀਆਂ ਦੇ ਬਣਾਏ ਜਾਣਗੇ ਹੋਰ ਆਯੂਸ਼ਮਾਨ ਕਾਰਡ

0
1574

ਚੰਡੀਗੜ੍ਹ, 14 ਨਵੰਬਰ | ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਕੈਬਨਿਟ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਸੂਬਾ ਵਾਸੀਆਂ ਨੂੰ ਤੋਹਫ਼ਾ ਦਿੰਦਿਆਂ ਐਲਾਨ ਕੀਤਾ ਹੈ ਕਿ ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦਾ ਦਾਇਰਾ ਹੋਰ ਵਿਸ਼ਾਲ ਕਰਦਿਆਂ 1 ਕਰੋੜ 60 ਲੱਖ ਯੋਗ ਲਾਭਪਾਤਰੀਆਂ ਦੇ ਕਾਰਡ ਬਣਾਏ ਜਾਣਗੇ।

ਜ਼ਿਕਰਯੋਗ ਹੈ ਕਿ ਮੰਤਰੀ ਸਥਾਨਕ ਸਿਵਲ ਹਸਪਤਾਲ ਵਿਖੇ ਬੱਚਿਆਂ ਵਿਚ ਦਿਲ ਦੇ ਗੰਭੀਰ ਰੋਗਾਂ ਦਾ ਪਤਾ ਲਗਾਉਣ ਲਈ ਸਥਾਪਤ ਕੀਤੀ ਪੈਡਰੀਐਟ੍ਰਿਕ ਈਕੋ ਕਾਰਡੀਓਗਰਾਫੀ ਮਸ਼ੀਨ ਦਾ ਉਦਘਾਟਨ ਕਰਨ ਲਈ ਵਿਸ਼ੇਸ਼ ਤੌਰ ਉੱਤੇ ਆਏ ਸਨ। ਉਨ੍ਹਾਂ ਕਿਹਾ ਕਿ ਆਯੂਸ਼ਮਾਨ ਭਾਰਤ ਸਿਹਤ ਬੀਮਾ ਯੋਜਨਾ ਤਹਿਤ ਭਾਰਤ ਸਰਕਾਰ ਵੱਲੋਂ ਸਿਰਫ 16 ਲੱਖ ਲਾਭਪਾਤਰੀਆਂ ਲਈ ਹੀ ਫੰਡਿੰਗ ਕੀਤੀ ਜਾਂਦੀ ਹੈ।

ਜਦਕਿ ਪੰਜਾਬ ਸਰਕਾਰ ਵੱਲੋਂ 70 ਲੱਖ ਲੋਕਾਂ ਦੇ ਕਾਰਡ ਬਣਾਏ ਗਏ ਹਨ ਅਤੇ ਹੁਣ ਤੱਕ 44 ਲੱਖ ਲੋਕਾਂ ਨੂੰ ਲਾਭ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਸ ਯੋਜਨਾ ਤਹਿਤ 1.60 ਕਰੋੜ ਲੋਕਾਂ ਨੂੰ ਕਵਰ ਕਰਨ ਦਾ ਟੀਚਾ ਹੈ। ਬਕਾਇਆ 90 ਲੱਖ ਲੋਕਾਂ ਦੇ ਕਾਰਡ ਵੀ ਜਲਦ ਬਣਾਏ ਜਾਣਗੇ। ਉਨ੍ਹਾਂ ਦਾਅਵੇ ਨਾਲ ਕਿਹਾ ਕਿ ਹੁਣ ਤੱਕ 95 ਫੀਸਦੀ ਲੋਕਾਂ ਦਾ ਮੁਫ਼ਤ ਇਲਾਜ ਕੀਤਾ ਜਾ ਚੁੱਕਾ ਹੈ। ਸਰਕਾਰੀ ਸਿਹਤ ਸੰਸਥਾਵਾਂ ਵਿਚ ਡਾਕਟਰਾਂ ਦੀ ਕਮੀ ਬਾਰੇ ਪੁੱਛੇ ਜਾਣ ਉੱਤੇ ਉਨ੍ਹਾਂ ਕਿਹਾ ਕਿ ਅਗਲੇ ਇਕ ਸਾਲ ਵਿਚ ਸਾਰੇ ਸਰਕਾਰੀ ਹਸਪਤਾਲਾਂ ਵਿਚ ਮਾਹਿਰ ਡਾਕਟਰਾਂ ਦੀ ਕਮੀ ਪੂਰੀ ਕਰ ਦਿੱਤੀ ਜਾਵੇਗੀ। ਹੁਣ ਤੱਕ 272 ਮਾਹਿਰ ਡਾਕਟਰਾਂ ਦੀ ਭਰਤੀ ਕੀਤੀ ਜਾ ਚੁੱਕੀ ਹੈ।

ਮੈਡੀਕਲ ਹਸਪਤਾਲਾਂ ਵਿਚ ਡਾਕਟਰਾਂ ਦੀ ਭਰਤੀ ਵੀ ਕਰ ਦਿੱਤੀ ਗਈ ਹੈ ਜਦਕਿ 350 ਹੋਰ ਡਾਕਟਰਾਂ ਅਤੇ 1800 ਪੈਰਾ-ਮੈਡੀਕਲ ਸਟਾਫ ਦੀ ਭਰਤੀ ਦੀ ਪ੍ਰਕਿਰਿਆ ਵੀ ਸ਼ੁਰੂ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪਿਛਲੇ 20 ਸਾਲਾਂ ਦੌਰਾਨ ਸਿਹਤ ਸੰਸਥਾਵਾਂ ਵਿਚ ਡਾਕਟਰਾਂ ਦੀ ਭਰਤੀ ਬਾਰੇ ਕੋਈ ਵੀ ਉਪਰਾਲਾ ਨਹੀਂ ਕੀਤਾ ਗਿਆ, ਜਿਸ ਕਾਰਨ ਵਿਭਾਗ ਵਿਚ ਡਾਕਟਰਾਂ ਦੀ ਭਾਰੀ ਕਮੀ ਰਹੀ ਹੈ।

ਉਨ੍ਹਾਂ ਕਿਹਾ ਕਿ ਡਾਕਟਰਾਂ ਨੂੰ ਵਿਭਾਗ ਨਾਲ ਜੋੜੀ ਰੱਖਣ ਲਈ ਉਨ੍ਹਾਂ ਨੂੰ ਯੋਗ ਤਨਖ਼ਾਹਾਂ ਦੇਣ ਦੇ ਨਾਲ-ਨਾਲ ਕੰਮ ਕਰਨ ਲਈ ਉਚਿਤ ਮਾਹੌਲ ਮੁਹੱਈਆ ਕਰਵਾਇਆ ਜਾ ਰਿਹਾ ਹੈ। ਪੈਡਰੀਐਟ੍ਰਿਕ ਈਕੋ ਕਾਰਡੀਓਗਰਾਫੀ ਮਸ਼ੀਨ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਚਾਈਲਡ ਕੇਅਰ ਫਾਊਂਡੇਸ਼ਨ ਅਤੇ ਐਨ ਬੀ ਸੀ ਸੀ ਦੇ ਸਹਿਯੋਗ ਨਾਲ ਸੂਬੇ ਦੇ ਸਾਰੇ ਵੱਡੇ ਸਰਕਾਰੀ ਹਸਪਤਾਲਾਂ ਵਿਚ ਪੈਡਰੀਐਟ੍ਰਿਕ ਈਕੋ ਕਾਰਡੀਓਗਰਾਫੀ ਮਸ਼ੀਨਾਂ ਸਥਾਪਤ ਕਰਨ ਦਾ ਫੈਸਲਾ ਕੀਤਾ ਹੈ।

ਇਸਦੀ ਸ਼ੁਰੂਆਤ ਜ਼ਿਲ੍ਹਾ ਮੋਗਾ ਦੇ ਸਿਵਲ ਹਸਪਤਾਲ ਤੋਂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬੱਚਿਆਂ ਦੇ ਦਿਲ ਦੇ ਰੋਗਾਂ ਦੀਆਂ ਬੀਮਾਰੀਆਂ ਦਾ ਮੁਫ਼ਤ ਇਲਾਜ ਕੀਤਾ ਜਾਂਦਾ ਹੈ ਪਰ ਇਸ ਬਾਰੇ ਡਾਇਗਨੋਜ਼ ਕਰਨ ਦੀ ਸਹੂਲਤ ਘੱਟ ਸੀ। ਇਸ ਘਾਟ ਨੂੰ ਪੂਰਾ ਕਰਨ ਲਈ ਹੀ ਇਹ ਮਸ਼ੀਨਾਂ ਲਗਾਈਆਂ ਜਾ ਰਹੀਆਂ ਹਨ। ਇਸ ਸਹੂਲਤ ਅਧੀਨ ਹਰੇਕ ਹਸਪਤਾਲ ਵਿਚ 10 ਬੈੱਡ ਦੇ ਆਈਸੀਯੂ ਸਥਾਪਤ ਕੀਤੇ ਜਾਣਗੇ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹਸਪਤਾਲਾਂ ਦੀਆਂ ਬੁਨਿਆਦੀ ਸਹੂਲਤਾਂ ਨੂੰ ਪੂਰਾ ਕਰਨ ਲਈ 550 ਕਰੋੜ ਰੁਪਏ ਸਿਹਤ ਵਿਭਾਗ ਨੂੰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਸਿਹਤ ਸੰਸਥਾਵਾਂ ਪ੍ਰਤੀ ਲੋਕਾਂ ਦਾ ਵਿਸ਼ਵਾਸ ਲਗਾਤਾਰ ਵਧ ਰਿਹਾ ਹੈ। ਸੂਬੇ ਵਿਚ ਹੁਣ ਤੱਕ 664 ਆਮ ਆਦਮੀ ਕਲੀਨਿਕ ਸਫਲਤਾ ਪੂਰਵਕ ਚੱਲ ਰਹੇ ਹਨ। ਜਲਦ ਹੀ 125 ਹੋਰ ਕਲੀਨਿਕ ਲੋਕਾਂ ਨੂੰ ਸਮਰਪਿਤ ਕਰ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਗਈਆਂ ਯੋਗਸ਼ਲਾਵਾਂ ਨੂੰ ਵੀ ਆਮ ਲੋਕਾਂ ਵੱਲੋਂ ਭਰਪੂਰ ਸਹਿਯੋਗ ਦਿੱਤਾ ਜਾ ਰਿਹਾ ਹੈ। ਮੌਜੂਦਾ ਸਮੇਂ 1000 ਕਲਾਸਾਂ ਲੱਗ ਰਹੀਆਂ ਹਨ, ਜਲਦ ਹੀ ਇਨ੍ਹਾਂ ਕਲਾਸਾਂ ਦੀ ਗਿਣਤੀ 2000 ਕੀਤੀ ਜਾ ਰਹੀ ਹੈ।