ਪਟਿਆਲਾ, 27 ਅਕਤੂਬਰ | ਨਾਭਾ ਨੇੜਲੇ ਇਲਾਕੇ ’ਚ ਹੋਏ ਇਕ ਨੌਜਵਾਨ ਦੇ ਅੰਨ੍ਹੇ ਕਤਲ ਦੇ ਕੇਸ ਨੂੰ ਸੁਲਝਾਉਂਦਿਆਂ ਪੁਲਿਸ ਨੇ 2 ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਹੈ ਕਿ ਮਹਿੰਗੇ ਮੁੱਲ ਦਾ ਫੋਨ, ਘੜੀ ਤੇ ਹੋਰ ਸਾਮਾਨ ਹੜੱਪਣ ਲਈ 2 ਵਿਅਕਤੀਆਂ ਨੇ ਆਪਣੇ ਸਾਥੀ ਦੀ ਨਸ਼ਾ ਦੇ ਕੇ ਹੱਤਿਆ ਕਰਨ ਤੋਂ ਬਾਅਦ ਲਾਸ਼ ਨਹਿਰ ਦੀ ਪਟੜੀ ‘ਤੇ ਸੁੱਟ ਦਿੱਤੀ ਸੀ।
ਜਾਣਕਾਰੀ ਦਿੰਦਿਆਂ ਐੱਸਐੱਸਪੀ ਪਟਿਆਲਾ ਵਰੁਣ ਸ਼ਰਮਾ ਨੇ ਦੱਸਿਆ ਕਿ ਮ੍ਰਿਤਕ ਗੁਰਜਿੰਦਰ ਸਿੰਘ ਉਰਫ ਗੈਰੀ ਪੁੱਤਰ ਭੁਪਿੰਦਰ ਸਿੰਘ ਵਾਸੀ ਪਿੰਡ ਅਜਨੋਦਾ ਕਲਾਂ ਥਾਣਾ ਭਾਦਸੋਂ ਪਟਿਆਲਾ ਦੇ ਕਤਲ ਸਬੰਧੀ ਬਣਾਈਆਂ ਗਈਆਂ ਟੀਮਾਂ ਵੱਲੋਂ ਵੱਖ-ਵੱਖ ਤਕਨੀਕੀ ਢੰਗਾਂ ਨਾਲ ਤਫਤੀਸ਼ ਕੀਤੀ ਤੇ ਮ੍ਰਿਤਕ ਦੇ ਦੋਸਤ ਸਿਮਰਨਜੀਤ ਸਿੰਘ ਪੁੱਤਰ ਰਜਿੰਦਰਪਾਲ ਵਾਸੀ ਹੀਰਾ ਮਹਿਲ ਨਾਭਾ ਤੇ ਕਰਨ ਕੁਮਾਰ ਸਿੰਘੀ ਪੁੱਤਰ ਲੇਟ ਪ੍ਰੇਮ ਸਿੰਘ ਵਾਸੀ ਨਿਊ ਫਰੈਂਡਸ ਕਾਲੋਨੀ ਕੈਂਟ ਰੋਡ ਨਾਭਾ ਵੱਲੋਂ 15 ਅਕਤੂਬਰ 2023 ਨੂੰ ਫੋਨ ਕਰਕੇ ਆਪਣੇ ਘਰ ਹੀਰਾ ਮਹਿਲ ਵਿਖੇ ਬੁਲਾਇਆ।
ਇਸ ਪਿਛੋਂ ਉਸਦਾ ਐਪਲ ਫੋਨ, ਘੜੀ, ਮੋਟਰਸਾਈਕਲ, ਬੈਗ ਵਾਲਾ ਸਾਮਾਨ ਤੇ ਪੈਸੇ ਹੜੱਪਣ ਦੀ ਨੀਅਤ ਨਾਲ ਦੋਵਾਂ ਨੇ ਯੋਜਨਾ ਬਣਾ ਕੇ ਆਪਣੇ ਘਰ ਵਿਖੇ ਮ੍ਰਿਤਕ ਗੁਰਜਿੰਦਰ ਸਿੰਘ ਉਰਫ ਗੈਰੀ ਨੂੰ ਧੱਕੇ ਨਾਲ ਨਸ਼ਾ ਦੇ ਕੇ ਕੁੱਟਮਾਰ ਕਰਕੇ ਕਤਲ ਕਰ ਦਿੱਤਾ ਤੇ ਲਾਸ਼ ਸਕੂਟਰੀ ’ਤੇ ਲੱਦ ਕੇ ਮੈਹਸ ਪੁਲ਼ ਨਹਿਰ ਨੇੜੇ ਸੁੱਟ ਦਿੱਤੀ ਸੀ। ਇਸ ਸਬੰਧੀ ਮ੍ਰਿਤਕ ਦੇ ਪਿਤਾ ਭੁਪਿੰਦਰ ਸਿੰਘ ਦੇ ਬਿਆਨਾਂ ’ਤੇ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ।