ਸਾਬਕਾ ਕਾਂਗਰਸੀ ਵਿਧਾਇਕ ਕੁਲਬੀਰ ਜ਼ੀਰਾ ਹੋਏ ਰਿਹਾਅ; ਜੇਲ ਤੋਂ ਬਾਹਰ ਆ ਕੇ ਬੋਲੇ ਵਾਹਿਗੁਰੂ ‘ਤੇ ਭਰੋਸਾ ਸੀ

0
2029

ਰੂਪਨਗਰ, 24 ਅਕਤੂਬਰ | ਸਰਕਾਰੀ ਡਿਊਟੀ ਵਿਚ ਵਿਘਨ ਪਾਉਣ ਅਤੇ ਬੀਡੀਪੀਓ ਦਫ਼ਤਰ ਅੱਗੇ ਧਰਨਾ ਦੇਣ ਦੇ ਦੋਸ਼ ਵਿਚ ਰੂਪਨਗਰ ਜੇਲ੍ਹ ਵਿਚ ਬੰਦ ਪੰਜਾਬ ਵਿਧਾਨ ਸਭਾ ਹਲਕਾ ਜ਼ੀਰਾ ਦੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੂੰ ਸੋਮਵਾਰ ਸ਼ਾਮ ਨੂੰ ਰਿਹਾਅ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਕ ਪੁਲਿਸ ਨੇ ਜ਼ੀਰਾ ਖ਼ਿਲਾਫ਼ ਦਰਜ ਕੀਤੇ ਕੇਸ ਵਿਚ ਦੋਸ਼ਾਂ ਨੂੰ ਵਧਾ ਕੇ 107-151 ਕਰ ਦਿੱਤਾ ਸੀ। ਹਾਈਕੋਰਟ ਦੀ ਸਖ਼ਤੀ ਕਾਰਨ ਸੋਮਵਾਰ ਸ਼ਾਮ ਨੂੰ ਜ਼ੀਰਾ ਦੀ ਰਿਹਾਈ ਸੰਭਵ ਹੋ ਗਈ।

ਜ਼ੀਰਾ ਨੂੰ ਸ਼ਨੀਵਾਰ ਨੂੰ ਰੂਪਨਗਰ ਤੋਂ ਰਿਹਾਅ ਕੀਤਾ ਜਾਣਾ ਸੀ ਪਰ ਰਿਹਾਈ ਸੰਭਵ ਨਹੀਂ ਹੋ ਸਕੀ। ਹੱਥ ਵਿਚ ਗੁਟਕਾ ਸਾਹਿਬ ਲੈ ਕੇ ਜੇਲ ਵਿਚੋਂ ਬਾਹਰ ਆਏ ਜ਼ੀਰਾ ਨੇ ਕਿਹਾ ਕਿ ਉਨ੍ਹਾਂ ਨੂੰ ਵਾਹਿਗੁਰੂ ਉਤੇ ਵਿਸ਼ਵਾਸ ਹੈ ਅਤੇ ਉਹ ਹਾਈਕੋਰਟ ਦੇ ਫੈਸਲੇ ਦਾ ਸਵਾਗਤ ਕਰਦੇ ਹਨ। ਜ਼ੀਰਾ ਨੇ ਕਿਹਾ ਕਿ ਉਹ ਉਨ੍ਹਾਂ ਪਾਰਟੀ ਆਗੂਆਂ ਦਾ ਵੀ ਧੰਨਵਾਦੀ ਹਨ ਜਿਨ੍ਹਾਂ ਨੇ ਉਨ੍ਹਾਂ ਦਾ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿੱਤਾ।

ਜਾਣਕਾਰੀ ਮੁਤਾਬਕ ਪੁਲਿਸ ਨੇ ਕੁਲਬੀਰ ਸਿੰਘ ਜ਼ੀਰਾ ਖ਼ਿਲਾਫ਼ 12 ਅਕਤੂਬਰ ਨੂੰ ਕੇਸ ਦਰਜ ਕੀਤਾ ਸੀ। ਉਸ ਨੂੰ ਪੁਲਿਸ ਨੇ 17 ਅਕਤੂਬਰ ਨੂੰ ਸਵੇਰੇ 5 ਵਜੇ ਉਸ ਦੀ ਰਿਹਾਇਸ਼ ਤੋਂ ਗ੍ਰਿਫ਼ਤਾਰ ਕੀਤਾ ਸੀ। ਗ੍ਰਿਫ਼ਤਾਰੀ ਤੋਂ ਬਾਅਦ ਕੁਲਬੀਰ ਨੂੰ ਜ਼ੀਰਾ ਦੀ ਹੇਠਲੀ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਥੋਂ ਉਸ ਨੂੰ ਫ਼ਿਰੋਜ਼ਪੁਰ ਦੀ ਸੈਂਟਰ ਜੇਲ ਵਿਚ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ। ਫ਼ਿਰੋਜ਼ਪੁਰ ਵਿਚ ਬੰਦ ਅੱਤਵਾਦੀਆਂ ਅਤੇ ਗੈਂਗਸਟਰਾਂ ਤੋਂ ਜਾਨ ਨੂੰ ਖਤਰਾ ਹੋਣ ਕਾਰਨ ਕੁਲਬੀਰ ਨੂੰ ਰੋਪੜ ਜੇਲ ਵਿਚ ਤਬਦੀਲ ਕਰ ਦਿੱਤਾ ਗਿਆ ਸੀ। ਕੁਲਬੀਰ ਨੂੰ ਸੋਮਵਾਰ ਦੇਰ ਸ਼ਾਮ ਰੋਪੜ ਜੇਲ ਤੋਂ ਰਿਹਾਅ ਕਰ ਦਿੱਤਾ ਗਿਆ।