ਇਜ਼ਰਾਈਲੀ ਫੌਜ ਵੱਲੋਂ ਸੁਰੰਗਾਂ ‘ਚ ਲੁਕੇ ਹਮਾਸ ਦੇ ਅੱਤਵਾਦੀ ਟਿਕਾਣਿਆਂ ‘ਤੇ ਵੱਡੇ ਹਮਲੇ : ਮੋਰਟਾਰ ਲਾਂਚਰ ਵੀ ਕੀਤੇ ਤਬਾਹ

0
340

ਨਵੀਂ ਦਿੱਲੀ, 15 ਅਕਤੂਬਰ | ਇਜ਼ਰਾਈਲ-ਹਮਾਸ ਜੰਗ ਦਾ ਅੱਜ 9ਵਾਂ ਦਿਨ ਹੈ। ਇਸ ਦੌਰਾਨ ਇਜ਼ਰਾਈਲ ਡਿਫੈਂਸ ਫੋਰਸ ਨੇ ਸੁਰੰਗਾਂ ‘ਚ ਬਣੇ ਹਮਾਸ ਦੇ ਟਿਕਾਣਿਆਂ ‘ਤੇ ਹਮਲਾ ਕੀਤਾ। ਫੌਜ ਨੇ ਜਬਾਲੀਆ, ਜ਼ੈਤੁਨ, ਅਲ-ਫੁਰਕਾਨ ਅਤੇ ਬੇਤ ਹਾਨੂਨ ਖੇਤਰਾਂ ਵਿਚ ਹਮਲੇ ਕੀਤੇ ਅਤੇ ਜ਼ਮੀਨਦੋਜ਼ ਸੁਰੰਗਾਂ ਵਿਚ ਵੀ ਹਮਲੇ ਕੀਤੇ। ਇਥੇ ਕਈ ਮੋਰਟਾਰ ਲਾਂਚਰ ਤਬਾਹ ਕੀਤੇ ਗਏ।

ਇਸ ਦੇ ਨਾਲ ਹੀ ਇਜ਼ਰਾਈਲ ਡਿਫੈਂਸ ਫੋਰਸ ਨੇ ਕਿਹਾ- ਅਸੀਂ ਗਾਜ਼ਾ ਵਿਚ ਜ਼ਮੀਨੀ ਹਮਲਾ ਕਰਨ ਲਈ ਤਿਆਰ ਹਾਂ। ਹੁਣ ਤੱਕ ਅਸੀਂ ਹਵਾਈ ਹਮਲੇ ਕਰ ਰਹੇ ਸੀ ਪਰ ਹੁਣ ਅਸੀਂ ਤਿੰਨਾਂ ਪਾਸਿਆਂ ਤੋਂ ਗਾਜ਼ਾ ‘ਤੇ ਹਮਲਾ ਕਰਾਂਗੇ। ਹਮਲੇ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।

7 ਅਕਤੂਬਰ ਤੋਂ ਸ਼ੁਰੂ ਹੋਈ ਜੰਗ ਵਿਚ ਹੁਣ ਤੱਕ 2,215 ਫਲਸਤੀਨੀਆਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਵਿਚ 724 ਬੱਚੇ ਅਤੇ 370 ਔਰਤਾਂ ਸ਼ਾਮਲ ਹਨ। 8,714 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਹਮਲਿਆਂ ਵਿਚ 1300 ਤੋਂ ਵੱਧ ਇਜ਼ਰਾਈਲੀ ਵੀ ਮਾਰੇ ਗਏ ਹਨ। ਇਸ ਜੰਗ ਵਿਚ ਹੁਣ ਤੱਕ 3500 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ।

14 ਅਕਤੂਬਰ ਦੀ ਰਾਤ ਨੂੰ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਪਹਿਲੀ ਵਾਰ ਹਮਾਸ ਦੇ ਹਮਲਿਆਂ ਤੋਂ ਪ੍ਰਭਾਵਿਤ ਇਲਾਕਿਆਂ ਵਿਚ ਪਹੁੰਚੇ। ਇਜ਼ਰਾਈਲੀ ਫੌਜ ਨੇ ਕਿਹਾ- ਸ਼ਨੀਵਾਰ ਦੇਰ ਰਾਤ ਸੀਰੀਆ ਤੋਂ ਦੋ ਰਾਕੇਟ ਦਾਗੇ ਗਏ। ਇਸ ਦੇ ਜਵਾਬ ‘ਚ ਇਜ਼ਰਾਈਲ ਨੇ ਸੀਰੀਆ ਦੇ ਅਲੇਪੋ ਹਵਾਈ ਅੱਡੇ ‘ਤੇ ਹਮਲਾ ਕੀਤਾ, ਜਿਸ ਤੋਂ ਬਾਅਦ ਏਅਰਪੋਰਟ ਦਾ ਕੰਮਕਾਜ ਬੰਦ ਕਰ ਦਿੱਤਾ ਗਿਆ। ਇਜ਼ਰਾਈਲੀ ਹਮਲਿਆਂ ਤੋਂ ਬਾਅਦ ਹਵਾਈ ਅੱਡੇ ਦਾ ਰਨਵੇਅ ਤਬਾਹ ਹੋ ਗਿਆ। ਹਮਾਸ ਦਾ ਹਵਾਈ ਸੈਨਾ ਦਾ ਮੁਖੀ ਮੁਰਾਦ ਅਬੂ ਮੁਰਾਦ ਵੀ ਇਜ਼ਰਾਈਲੀ ਹਮਲੇ ਵਿਚ ਮਾਰਿਆ ਗਿਆ।