ਲੁਧਿਆਣਾ ‘ਚ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ਨੌਜਵਾਨ; ਲਾਸ਼ ਸੁੱਟੀ ਸੜਕ ਕਿਨਾਰੇ, ਅਣਪਛਾਤਿਆਂ ਵਿਰੁੱਧ FIR

0
624

ਲੁਧਿਆਣਾ, 4 ਅਕਤੂੂਬਰ | ਇਥੋਂ ਇਕ ਖੌਫਨਾਕ ਖਬਰ ਸਾਹਮਣੇ ਆਈ ਹੈ। ਲੁਧਿਆਣਾ ਦੇ ਬਲੀਏਵਾਲੇ ਇਲਾਕੇ ਵਿਚ ਇਲਾਕਾ ਵਾਸੀਆਂ ਨੇ ਸੜਕ ਦੇ ਕੰਢੇ ਅੱਧਨੰਗੀ ਹਾਲਤ ਵਿਚ ਨੌਜਵਾਨ ਦੀ ਲਾਸ਼ ਦੇਖੀ। ਮ੍ਰਿਤਕ ਦੇ ਸਰੀਰ ਉਤੇ ਕਈ ਜਗ੍ਹਾ ਸੱਟਾਂ ਦੇ ਨਿਸ਼ਾਨ ਸਨ। ਸੂਚਨਾ ਮਿਲਣ ਤੋਂ ਬਾਅਦ ਥਾਣਾ ਕੁੰਮਕਲਾ ਦੀ ਪੁਲਿਸ ਮੌਕੇ ਉਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜਿਆ। ਇਸ ਮਾਮਲੇ ਵਿਚ ਪਿੰਡ ਬਲੀਏਵਾਲ ਦੇ ਰਹਿਣ ਵਾਲੇ ਕੰਵਲਜੀਤ ਸਿੰਘ ਦੀ ਸ਼ਿਕਾਇਤ ਉਤੇ ਥਾਣਾ ਕੂਮਕਲਾਂ ਦੀ ਪੁਲਿਸ ਨੇ ਅਣਪਛਾਤੇ ਕਾਤਲਾਂ ਖਿਲਾਫ ਕੇਸ ਦਰਜ ਕਰ ਲਿਆ ਹੈ।

ਪੁਲਿਸ ਨੂੰ ਜਾਣਕਾਰੀ ਦਿੰਦਿਆਂ ਕੰਵਲਜੀਤ ਨੇ ਦੱਸਿਆ ਕਿ ਬੀਤੀ ਰਾਤ 8.30 ਵਜੇ ਦੇ ਕਰੀਬ ਉਹ ਆਪਣੇ ਖੇਤਾਂ ਵਿਚ ਗੇੜਾ ਮਾਰਨ ਲਈ ਗਿਆ। ਉਸਨੇ ਦੇਖਿਆ ਕਿ ਅਮਰ ਸਿੰਘ ਦੇ ਖੇਤਾਂ ਕੋਲ ਸੜਕ ਕੰਢੇ ਅੱਧੀਨੰਗੀ ਹਾਲਤ ਵਿਚ ਲਾਸ਼ ਪਈ ਹੋਈ ਸੀ। ਅਣਪਛਾਤੇ ਹਮਲਾਵਰਾਂ ਵੱਲੋਂ ਵਿਅਕਤੀ ਦੇ ਸਿਰ, ਚਿਹਰੇ ਅਤੇ ਸਰੀਰ ਦੇ ਹੋਰ ਹਿੱਸਿਆਂ ਉਤੇ ਤੇਜ਼ਧਾਰ ਹਥਿਆਰਾਂ ਨਾਲ ਸੱਟਾਂ ਮਾਰ ਕੇ ਉਸ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਸੀ। ਕੰਵਲਜੀਤ ਨੇ ਇਸ ਦੀ ਸੂਚਨਾ ਥਾਣਾ ਕੁੰਮਕਲਾ ਦੀ ਪੁਲਿਸ ਨੂੰ ਦਿੱਤੀ।

ਇਸ ਮਾਮਲੇ ਵਿਚ ਜਾਂਚ ਅਧਿਕਾਰੀ ਸਬ-ਇੰਸਪੈਕਟਰ ਗਗਨਦੀਪ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਸ਼ਨਾਖਤ ਲਈ ਸਿਵਲ ਹਸਪਤਾਲ ਰਖਵਾ ਦਿੱਤਾ ਹੈ। ਇਸ ਮਾਮਲੇ ਵਿਚ ਕੰਵਲਜੀਤ ਦੀ ਸ਼ਿਕਾਇਤ ਉਤੇ ਅਣਪਛਾਤੇ ਕਾਤਲਾਂ ਖਿਲਾਫ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਪੋਸਟਮਾਰਟਮ ਦੀ ਰਿਪੋਰਟ ਅਤੇ ਮ੍ਰਿਤਕ ਦੀ ਸ਼ਨਾਖਤ ਤੋਂ ਬਾਅਦ ਇਸ ਮਾਮਲੇ ਵਿਚ ਕਈ ਖੁਲਾਸੇ ਹੋ ਸਕਦੇ ਹਨ।