ਆਰਐੱਮਪੀ ਡਾਕਟਰ ਤੋਂ ਖ਼ਬਰ ਲਾਉਣ ਦੀ ਧਮਕੀ ਦੇ ਕੇ 30 ਹਜ਼ਾਰ ਵਸੂਲਣ ਵਾਲੇ 3 ਪੱਤਰਕਾਰਾਂ ਖ਼ਿਲਾਫ਼ ਮਾਮਲਾ ਦਰਜ

    0
    1066

    ਹੁਸ਼ਿਆਰਪੁਰ . ਕਰਫਿਊ ਦੌਰਾਨ ਖੁੱਲ੍ਹੀ ਦੁਕਾਨ ਦੀਆਂ ਫੋਟੋਆਂ ਖਿੱਚਕੇ ਪੱਤਰਕਾਰਾਂ ਵਲੋਂ ਆਰਐਮਪੀ ਡਾਕਟਰ ਕੋਲੋਂ 30 ਹਜ਼ਾਰ ਰੁਪਏ ਵਸੂਲਣ ਦਾ ਮਾਮਲਾ ਸਾਹਮਣੇ ਆਇਆ ਹੈ। ਤਿੰਨ ਪੱਤਰਕਾਰਾਂ ਨੇ ਪਿੰਡ ਗੁਰਾਲਾ ਵਿੱਚ ਆਰਐੱਮਪੀ ਡਾਕਟਰ ਨੂੰ ਖ਼ਬਰ ਲਗਾਉਣ ਤੇ ਪੁਲਿਸ ਕਾਰਵਾਈ ਦਾ ਡਰਾਵਾ ਦੇ ਕੇ ਜ਼ਬਰਦਸਤੀ ਪੈਸੇ ਵਸੂਲੇ। ਤਿੰਨ ਪੱਤਰਕਾਰਾਂ ਦੇ ਖਿਲਾਫ ਟਾਂਡਾ ਪੁਲਿਸ ਨੇ ਜ਼ਬਰਦਸਤੀ ਪੈਸੇ ਵਸੂਲੀ ਕਰਨ ਦਾ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਇਹ ਮਾਮਲਾ ਠੱਗੀ ਦਾ ਸ਼ਿਕਾਰ ਹੋਏ ਆਰਐੱਮਪੀ ਡਾਕਟਰ ਦੇ ਬਿਆਨ ਦੇ ਅਧਾਰ ਉੱਤੇ ਦਰਜ ਕੀਤਾ ਹੈ।

    ਡਾਕਟਰ ਮੁਤਾਬਿਕ ਉਹ ਪਿਛਲੇ 10 ਸਾਲ ਤੋਂ ਪਿੰਡ ਗੁਰਾਲਾ ਵਿੱਚ ਦੁਕਾਨ ਚਲਾ ਰਿਹਾ ਹੈ ਤੇ ਹੁਣ ਕੋਰੋਨਾ ਵਾਇਰਸ ਕਰਕੇ ਦੁਕਾਨ ਬੰਦ ਰੱਖਦਾ ਹੈ। ਪਿੰਡਾਂ ਦੇ ਆਸਪਾਸ ਕੋਈ ਮੈਡੀਕਲ ਸਟੋਰ ਜਾਂ ਕੋਈ ਡਾਕਟਰ ਨਾ ਹੋਣ ਕਰਕੇ ਜੇਕਰ ਕਿਸੇ ਨੂੰ ਐਮਰਜੈਂਸੀ ਦਵਾਈ ਦੀ ਲੋੜ ਹੁੰਦੀ ਹੈ ਤਾਂ ਉਹ ਦੇ ਦਿੰਦਾ ਹੈ। 13 ਅਪ੍ਰੈਲ ਨੂੰ ਸਰਪੰਚ ਬਲਜੀਤ ਕੌਰ ਨੇ ਉਸਨੂੰ ਫੋਨ ਕੀਤਾ ਕਿ ਪਿੰਡ ਵਿੱਚ ਬੱਚੇ ਬਿਮਾਰ ਹਨ ਉਹ ਦਵਾਈ ਦੇ ਜਾਵੇ। ਜਦੋਂ ਉਸ ਨੇ ਸਵੇਰੇ 6 ਵਜੇ ਦੁਕਾਨ ਉੱਤੇ ਆ ਕੇ ਬੱਚਿਆਂ ਨੂੰ ਦਵਾਈ ਦਿੱਤੀ ਤਾਂ ਪੱਤਰਕਾਰਾਂ ਵਲੋਂ ਉਸ ਦੀ ਦੁਕਾਨ ਅਤੇ ਉਸ ਦੀਆਂ ਫੋਟੋਆਂ ਖਿੱਚੀਆਂ ਗਈਆਂ ਤੇ ਉਸ ਨੂੰ ਧਮਕਾਇਆ ਵੀ ਗਿਆ। ਸ਼ਾਮ ਨੂੰ ਪ੍ਰੈਸ ਕਲੱਬ ਤੋਂ ਫੋਨ ਆਇਆ ਤੇ ਖਬਰ ਨਾ ਲਗਾਉਣ ਦੀ ਏਵਜ਼ ਵਿੱਚ 50000 ਰੁਪਏ ਦੀ ਮੰਗ ਕੀਤੀ ਗਈ, ਮਾਮਲਾ 30 ਹਜ਼ਾਰ ਰੁਪਏ ਤੇ ਸੈਟਲ ਕਰਨ ਦੀ ਗੱਲ ਮੁੱਕੀ।
    ਨਿਰਧਾਰਿਤ ਜਗ੍ਹਾ ‘ਤੇ ਜਾ ਕੇ ਉਸਦੇ ਪਿਤਾ ਨੇ 20 ਹਜ਼ਾਰ ਰੁਪਏ ਦਿੱਤੇ ਤਾਂ ਤਿੰਨੋਂ ਮੁਲਜਮਾਂ ਨੇ ਪੂਰੇ 30 ਹਜ਼ਾਰ ਨਾ ਦੇਣ ‘ਤੇ ਖਬਰ ‘ਤੇ ਕਾਰਵਾਈ ਦਾ ਡਰਾਵਾ ਦਿੱਤਾ। ਅਗਲੇ ਦਿਨ 10000 ਰੁਪਏ ਹੋਰ ਦਿੱਤੇ। ਬਾਅਦ ਵਿੱਚ ਜਦੋ ਉਸ ਨਾਲ ਹੋਈ ਠੱਗੀ ਦਾ ਰੌਲਾ ਪਿੰਡ ਵਿੱਚ ਪੈ ਗਿਆ ਤਾਂ ਪੱਤਰਕਾਰਾਂ ਨੇ ਕਿਹਾ ਕਿ ਜੇਕਰ ਉਸ ਨੇ ਸਾਡੇ ਬਾਰੇ ਕੋਈ ਗੱਲ ਖੋਲ੍ਹੀ ਤਾਂ ਉਸਦਾ ਹਸ਼ਰ ਬੁਰਾ ਹੋਵੇਗਾ। ਫਿਰ ਉਸ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਤਾਂ ਪੁਲਿਸ ਨੇ 2 ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਤੀਜੇ ਦੀ ਭਾਲ ਜਾਰੀ ਹੈ।