ਲੁਧਿਆਣਾ| ਲੁਧਿਆਣਾ ਦੇ ਪਿੰਡ ਅਕਾਲਗੜ੍ਹ ਖੁਰਦ ‘ਚ ਕਾਰ ‘ਚ ਬੈਠੇ 9 ਸਾਲਾ ਬੱਚੇ ਤੋਂ ਗੋਲੀ ਚੱਲਣ ਦੇ ਮਾਮਲੇ ‘ਚ ਪਿਤਾ ਦੀ ਮੌਤ ਹੋ ਗਈ ਹੈ। ਡੀਐਮਸੀ ਹਸਪਤਾਲ ਵਿੱਚ ਦਾਖ਼ਲ ਪਿਤਾ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਮ੍ਰਿਤਕ ਦੀ ਪਛਾਣ ਕਿਸਾਨ ਦਲਜੀਤ ਸਿੰਘ ਉਰਫ ਜੀਤਾ ਵਜੋਂ ਹੋਈ ਹੈ। ਜੀਤਾ ਦੀ ਪਿੱਠ ‘ਤੇ ਗੋਲੀ ਲੱਗੀ ਸੀ। ਜੋ ਉਸਦੀ ਨਾਭੀ ਵਿੱਚ ਫਸ ਗਿਆ ਸੀ। ਕੱਲ੍ਹ ਤੋਂ ਡੀਐਮਸੀ ਹਸਪਤਾਲ ਵਿੱਚ ਜੀਤਾ ਦੀ ਹਾਲਤ ਨਾਜ਼ੁਕ ਬਣੀ ਹੋਈ ਸੀ।
ਪੁਲਿਸ ਦੀ ਮੁੱਢਲੀ ਪੜਤਾਲ ਅਨੁਸਾਰ ਐਤਵਾਰ ਸਵੇਰੇ ਦਲਜੀਤ ਸਿੰਘ ਜੀਤਾ ਆਪਣੀ ਪਤਨੀ ਅਤੇ ਪੁੱਤਰ ਨਾਲ ਸਾਉਣ ਮਹੀਨੇ ਦਾ ਸੰਧਾਰਾ ਦੇਣ ਲਈ ਆਪਣੇ ਪਿੰਡ ਅਕਾਲਗੜ੍ਹ ਖੁਰਦ ਤੋਂ ਆਪਣੇ ਸਹੁਰੇ ਘਰ ਜਾ ਰਿਹਾ ਸੀ। ਉਹ ਕਾਰ ‘ਚ ਘਰ ਤੋਂ ਕੁਝ ਦੂਰੀ ‘ਤੇ ਪਹੁੰਚਿਆ ਸੀ ਕਿ ਅਚਾਨਕ ਗੋਲ਼ੀ ਚੱਲ ਗਈ।
ਫਿਰ ਉਸ ਨੇ ਦੇਖਿਆ ਕਿ ਉਸ ਦੀ ਪਿਸਤੌਲ ਪਿਛਲੀ ਸੀਟ ‘ਤੇ ਬੈਠੇ ਪੁੱਤਰ ਦੇ ਹੱਥ ਵਿਚ ਸੀ, ਜਿਸ ਤੋਂ ਗੋਲੀ ਚੱਲੀ ਸੀ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਪਿਸਤੌਲ ਲੌਕ ਸੀ ਜਾਂ ਨਹੀਂ।
ਖੇਡਦੇ ਸਮੇਂ ਬੱਚੇ ਤੋਂ ਲੌਕ ਖੁੱਲ੍ਹਣ ਦਾ ਸ਼ੱਕ
ਪੁਲਸ ਜਾਂਚ ‘ਚ ਇਹ ਵੀ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਕਿਤੇ ਬੱਚੇ ਤੋਂ ਖੇਡਦੇ ਸਮੇਂ ਪਿਸਤੌਲ ਦਾ ਲੌਕ ਤਾਂ ਨੀਂ ਖੁੱਲ੍ਹ ਗਿਆ। ਇਹ ਵੀ ਦੇਖਿਆ ਜਾ ਰਿਹਾ ਹੈ ਕਿ ਇਹ ਪਿਸਤੌਲ ਬੱਚੇ ਦੇ ਹੱਥ ਕਿਵੇਂ ਲੱਗਾ। ਉਸ ਸਮੇਂ ਜ਼ਖਮੀ ਜੀਤਾ ਨੇ ਇਹ ਪਿਸਤੌਲ ਕਾਰ ਵਿੱਚ ਕਿੱਥੇ ਰੱਖਿਆ ਸੀ। ਫਿਲਹਾਲ ਇਸ ਸਬੰਧੀ ਪੁਲਿਸ ਨੂੰ ਕੋਈ ਰਸਮੀ ਸ਼ਿਕਾਇਤ ਨਹੀਂ ਦਿੱਤੀ ਗਈ ਹੈ ਪਰ ਘਟਨਾ ਦਾ ਪਤਾ ਲੱਗਦਿਆਂ ਹੀ ਜਾਂਚ ਕੀਤੀ ਜਾ ਰਹੀ ਹੈ।