ਪੰਜਾਬ ਸਰਕਾਰ ਨੇ ਹੜ੍ਹ ਪ੍ਰਭਾਵਿਤ ਲੋਕਾਂ ’ਚ 22 ਹਜ਼ਾਰ ਪਾਣੀ ਦੀਆਂ ਬੋਤਲਾਂ, 20 ਹਜ਼ਾਰ ਭੋਜਨ ਤੇ 8 ਹਜ਼ਾਰ ਸੁੱਕੇ ਰਾਸ਼ਨ ਦੇ ਪੈਕੇਟ ਵੰਡੇ : ਬਲਕਾਰ ਸਿੰਘ

0
2105

ਕੈਬਨਿਟ ਮੰਤਰੀ ਤੇ ਸੰਸਦ ਮੈਂਬਰਾਂ ਨੇ ਸਤਲੁਜ ਦਰਿਆ ਦੇ ਆਲੇ-ਦੁਆਲੇ ਦੀ ਸਥਿਤੀ ਦਾ ਲਿਆ ਜਾਇਜ਼ਾ

ਕਿਹਾ 14 ਕਿਸ਼ਤੀਆਂ ਫਸੇ ਲੋਕਾਂ ਨੂੰ ਕੱਢਣ ਲਈ 24 ਘੰਟੇ ਜੁਟੀਆਂ, ਰੇਤ ਨਾਲ ਭਰੀਆਂ 60,000 ਤੋਂ ਵੱਧ ਬੋਰੀਆਂ ਦੀ ਪਾੜਾਂ ਨੂੰ ਪੂਰਨ ਲਈ ਵਰਤੋਂ

ਜਲੰਧਰ | ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਬਲਕਾਰ ਸਿੰਘ, ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਲੋਕ ਸਭਾ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨੇ ਅੱਜ ਸਤਲੁਜ ਦਰਿਆ ਦੇ ਆਲੇ-ਦੁਆਲੇ ਦੀ ਤਾਜ਼ਾ ਸਥਿਤੀ ਦਾ ਜਾਇਜ਼ਾ ਲਿਆ ਅਤੇ ਹੜ੍ਹ ਵਰਗੀ ਸਥਿਤੀ ਵਿੱਚ ਫਸੇ ਲੋਕਾਂ ਨਾਲ ਗੱਲਬਾਤ ਕੀਤੀ।

ਵਧੇਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਹਦਾਇਤਾਂ ‘ਤੇ ਸਬੰਧਤ ਵਿਭਾਗਾਂ ਵੱਲੋਂ ਫਿਲੌਰ, ਨਕੋਦਰ ਅਤੇ ਸ਼ਾਹਕੋਟ ਬਲਾਕਾਂ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਪੂਰੇ ਤਾਲਮੇਲ ਨਾਲ ਬਚਾਅ ਅਤੇ ਰਾਹਤ ਕਾਰਜ ਚਲਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪ੍ਰਭਾਵਿਤ ਪਰਿਵਾਰਾਂ ਨੂੰ ਵੱਧ ਤੋਂ ਵੱਧ ਰਾਹਤ ਪਹੁੰਚਾਈ ਜਾ ਰਹੀ ਹੈ ਅਤੇ ਮੁਸ਼ਕਲ ਦੀ ਇਸ ਘੜੀ ਵਿੱਚ ਲੋਕਾਂ ਦੀ ਸੇਵਾ ਲਈ ਬਚਾਅ ਅਤੇ ਰਾਹਤ ਟੀਮਾਂ 24 ਘੰਟੇ ਕੰਮ ਕਰ ਰਹੀਆਂ ਹਨ।

ਕੈਬਨਿਟ ਮੰਤਰੀ ਅਤੇ ਸੰਸਦ ਮੈਂਬਰਾਂ ਨੇ ਦੱਸਿਆ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਪ੍ਰਭਾਵਿਤ ਲੋਕਾਂ ਨੂੰ ਹੁਣ ਤੱਕ 22,000 ਪਾਣੀ ਦੀਆਂ ਬੋਤਲਾਂ ਵੰਡੀਆਂ ਜਾ ਚੁੱਕੀਆਂ ਹਨ, ਜਦਕਿ 20,000 ਤੋਂ ਵੱਧ ਭੋਜਨ ਦੇ ਪੈਕਟ ਅਤੇ 8,000 ਤੋਂ ਵੱਧ ਸੁੱਕੇ ਰਾਸ਼ਨ ਦੇ ਪੈਕਟ ਵੰਡੇ ਜਾ ਚੁੱਕੇ ਹਨ। ਇਸੇ ਤਰ੍ਹਾਂ ਜ਼ਿਲ੍ਹੇ ਵਿੱਚ 14 ਕਿਸ਼ਤੀਆਂ ਵੀ ਤਾਇਨਾਤ ਕੀਤੀਆਂ ਗਈਆਂ ਹਨ, ਜਿਨ੍ਹਾਂ ਦੀ ਵਰਤੋਂ ਲੋਕਾਂ ਨੂੰ ਬਚਾਉਣ ਲਈ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਹ ਸਾਰੀਆਂ ਕਿਸ਼ਤੀਆਂ ਲੋਕਾਂ ਨੂੰ ਰਾਹਤ ਕੈਂਪਾਂ ਤੱਕ ਪਹੁੰਚਾਉਣ ਲਈ ਰੋਜ਼ਾਨਾ 150 ਦੇ ਕਰੀਬ ਚੱਕਰ ਲਾਉਂਦੀਆਂ ਹਨ।

ਕੈਬਨਿਟ ਮੰਤਰੀ ਅਤੇ ਸੰਸਦ ਮੈਂਬਰਾਂ ਨੇ ਅੱਗੇ ਦੱਸਿਆ ਕਿ ਰੇਤ ਨਾਲ ਭਰੀਆਂ ਲਗਭਗ 60,000 ਬੋਰੀਆਂ ਦੀ ਵਰਤੋਂ ਵੱਖ-ਵੱਖ ਥਾਵਾਂ ‘ਤੇ ਪਾੜਾਂ ਨੂੰ ਭਰਨ ਲਈ ਕੀਤੀ ਗਈ ਹੈ ਅਤੇ 600 ਤੋਂ ਵੱਧ ਮਜ਼ਦੂਰਾਂ/ਵਲੰਟੀਅਰਾਂ ਨੇ ਇਨ੍ਹਾਂ ਪਾੜਾਂ ਨੂੰ ਪੂਰਨ ਲਈ 20,000 ਘੰਟੇ ਕੰਮ ਕੀਤਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਹੜ੍ਹਾਂ ਵਿੱਚ ਫਸੇ ਲੋਕਾਂ ਨੂੰ ਸ਼ੁੱਧ ਪਾਣੀ ਮੁਹੱਈਆ ਕਰਵਾਉਣ ਲਈ ਪ੍ਰਭਾਵਿਤ ਪਿੰਡਾਂ ਵਿੱਚ ਪਾਣੀ ਦੇ ਕਰੀਬ 20 ਟੈਂਕਾਂ ਦੀ ਵਰਤੋਂ ਕੀਤੀ ਜਾ ਰਹੀ ਹੈ ਅਤੇ ਸਿਵਲ ਪ੍ਰਸ਼ਾਸਨ ਦੇ 500 ਦੇ ਕਰੀਬ ਮੁਲਾਜ਼ਮ ਵੀ ਹੜ੍ਹ ਰਾਹਤ ਡਿਊਟੀ ’ਤੇ ਤਾਇਨਾਤ ਹਨ।

ਇਨ੍ਹਾਂ ਖੇਤਰਾਂ ਵਿੱਚ ਸਿਹਤ ਸੇਵਾਵਾਂ ਬਾਰੇ ਬੋਲਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਪ੍ਰਭਾਵਿਤ ਪਿੰਡਾਂ ਵਿੱਚ 8 ਐਂਬੂਲੈਂਸਾਂ ਸਮੇਤ 24 ਮੈਡੀਕਲ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੈਡੀਕਲ ਟੀਮਾਂ ਵੱਲੋਂ ਸੈਂਕੜੇ ਲੋਕਾਂ ਦੀ ਜਾਂਚ ਕੀਤੀ ਗਈ ਹੈ ਅਤੇ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਫੌਗਿੰਗ ਵੀ ਸ਼ੁਰੂ ਕੀਤੀ ਗਈ ਹੈ। ਇਸੇ ਤਰ੍ਹਾਂ ਪਸ਼ੂ ਪਾਲਣ ਵਿਭਾਗ ਦੀਆਂ ਟੀਮਾਂ ਨੇ ਇੱਕ ਹਜ਼ਾਰ ਤੋਂ ਵੱਧ ਪਸ਼ੂਆਂ ਦੀ ਜਾਂਚ ਕਰਕੇ ਉਨ੍ਹਾਂ ਦਾ ਟੀਕਾਕਰਨ ਕਰਨਾ ਯਕੀਨੀ ਬਣਾਇਆ ਹੈ।

ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਇਸ ਔਖੀ ਘੜੀ ਵਿੱਚ ਹੜ੍ਹ ਪ੍ਰਭਾਵਿਤ ਲੋਕਾਂ ਦੀ ਸਹੂਲਤ ਲਈ ਵਚਨਬੱਧ ਹੈ ਅਤੇ ਇਸ ਕਾਰਜ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਸਮੁੱਚਾ ਪ੍ਰਸ਼ਾਸਨ ਪ੍ਰਭਾਵਿਤ ਪਿੰਡਾਂ ਵਿੱਚ ਡਟਿਆ ਹੋਇਆ ਹੈ ਅਤੇ ਸਮੁੱਚੇ ਰਾਹਤ ਅਤੇ ਬਚਾਅ ਕਾਰਜਾਂ ‘ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ ਤਾਂ ਜੋ ਕੋਈ ਵੀ ਸਰਕਾਰੀ ਸਹਾਇਤਾ ਤੋਂ ਬਿਨਾਂ ਨਾ ਰਹਿ ਜਾਵੇ। ਉਨ੍ਹਾਂ ਨੇ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਜਲੰਧਰ ਪ੍ਰਸ਼ਾਸਨ ਦਾ ਸਹਿਯੋਗ ਦੇਣ ਲਈ ਗੈਰ ਸਰਕਾਰੀ ਸੰਗਠਨਾਂ ਅਤੇ ਉਦਯੋਗਿਕ ਸੰਸਥਾਵਾਂ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਆਪ ਆਗੂ ਰਤਨ ਸਿੰਘ ਕਾਕੜ ਕਲਾਂ ਵੀ ਮੌਜੂਦ ਸਨ।