ਫਿਰੋਜ਼ਪੁਰ/ਗੁਰੂਹਰਸਹਾਏ | ਇਥੋਂ ਇਕ ਰਿਸ਼ਤਿਆਂ ਨੂੰ ਸ਼ਰਮਸਾਰ ਕਰਨ ਦੀ ਘਟਨਾ ਸਾਹਮਣੇ ਆਈ ਹੈ। ਪੁਲਿਸ ਥਾਣਾ ਗੁਰੂਹਰਸਹਾਏ ਦੇ ਇਕ ਪਿੰਡ ਵਿਚ ਇਕ ਮਹਿਲਾ ਵੱਲੋਂ ਆਪਣੇ ਹੀ ਜੇਠ ‘ਤੇ ਬਲਾਤਕਾਰ ਦੇ ਦੋਸ਼ ਲਗਾਏ ਗਏ ਹਨ। ਔਰਤ ਨੇ ਇਸ ਮਾਮਲੇ ਵਿਚ ਆਪਣੇ ਪਤੀ ਦੀ ਸਹਿਮਤੀ ਹੋਣ ਦੇ ਵੀ ਦੋਸ਼ ਲਗਾਏ ਹਨ।
ਥਾਣਾ ਗੁਰੂਹਰਸਹਾਏ ਦੀ ਪੁਲਿਸ ਨੇ ਦੋਵੇ ਭਰਾਵਾਂ ਖਿਲਾਫ 354, 376, 34 ਆਈਪੀਸੀ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਪੀੜਤ ਔਰਤ ਨੇ ਦੱਸਿਆ ਕਿ 24 ਅਪ੍ਰੈਲ 2022 ਨੂੰ ਮੁਲਜ਼ਮ ਜੇਠ ਉਸ ਦੇ ਕਮਰੇ ਵਿਚ ਆ ਗਿਆ ਤੇ ਜ਼ਬਰਦਸਤੀ ਉਸ ਨਾਲ ਸਰੀਰਕ ਸਬੰਧ ਬਣਾਏ। ਇਸ ਬਾਰੇ ਉਸ ਨੇ ਆਪਣੀ ਸੱਸ ਤੇ ਪਤੀ ਨੂੰ ਦੱਸਿਆ ਤਾਂ ਉਸ ਦੇ ਪਤੀ ਨੇ ਕਿਹਾ ਕਿ ਜੇ ਇਸ ਘਰ ਵਿਚ ਰਹਿਣਾ ਹੈ ਤਾਂ ਦੋਵਾਂ ਭਰਾਵਾਂ ਨਾਲ ਰਹਿਣਾ ਪਵੇਗਾ।
ਇਸ ਤੋਂ ਬਾਅਦ ਉਸ ਦੇ ਜੇਠ ਨੇ ਉਸ ਨਾਲ ਫਿਰ ਕਈ ਵਾਰ ਜਬਰ-ਜ਼ਨਾਹ ਕੀਤਾ। ਔਰਤ ਨੇ ਦੱਸਿਆ ਕਿ ਉਸ ਵੱਲੋਂ ਵਿਰੋਧ ਕਰਨ ‘ਤੇ ਉਸ ਨੂੰ ਕਮਰੇ ‘ਚ ਬੰਦ ਰੱਖਣਾ ਸ਼ੁਰੂ ਕਰ ਦਿੱਤਾ ਗਿਆ। ਜਦੋਂ ਉਸ ਨੇ ਆਪਣੀ ਮਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਦੀ ਕੁੱਟਮਾਰ ਕੀਤੀ ਗਈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਬ-ਇੰਸਪੈਕਟਰ ਗੁਰਦੀਪ ਕੌਰ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਦੋਵਾਂ ਭਰਾਵਾਂ ਖਿਲਾਫ ਮਾਮਲਾ ਦਰਜ ਕਰਕੇ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।