ਨਿਊਜ਼ ਡੈਸਕ| ਜਲਦ ਹੀ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਦੇ ਜੀਵਨ ‘ਤੇ ਅਧਾਰਿਤ ਫ਼ਿਲਮ ਦੇਖਣ ਨੂੰ ਮਿਲੇਗੀ। ਇਸ ਸਾਲ ਦੇ ਅੰਤ ਤੱਕ ਬਾਇਓਪਿਕ ਦੀ ਸ਼ੂਟਿੰਗ ਸ਼ੁਰੂ ਹੋ ਜਾਵੇਗੀ। ਮੀਡੀਆ ਰਿਪੋਰਟਾਂ ਮੁਤਾਬਕ 26 ਮਈ ਨੂੰ ਨਿਰਮਾਤਾ ਲਵ ਰੰਜਨ ਅਤੇ ਅੰਕੁਰ ਗਰਗ ਸੌਰਵ ਗਾਂਗੁਲੀ ਨੂੰ ਮਿਲਣ ਕੋਲਕਾਤਾ ਗਏ ਸਨ। ਕੁਝ ਮੀਡੀਆ ਰਿਪੋਰਟਾਂ ਅਨੁਸਾਰ ਫ਼ਿਲਮ ਨੂੰ ਲੈ ਕੇ ਸੌਰਵ ਗਾਂਗੁਲੀ ਅਤੇ ਨਿਰਮਾਤਾਵਾਂ ਵਿਚਾਲੇ ਵਿਸਤ੍ਰਿਤ ਚਰਚਾ ਹੋ ਚੁੱਕੀ ਹੈ। ਨਿਰਦੇਸ਼ਕ ਸੌਰਵ ਗਾਂਗੁਲੀ ਨਾਲ ਉਨ੍ਹਾਂ ਦੇ ਜੀਵਨ ਦੇ ਸਭ ਤੋਂ ਦਿਲਚਸਪ ਕਿੱਸਿਆਂ ਬਾਰੇ ਵਿਸਥਾਰ ਵਿੱਚ ਗੱਲ ਕੀਤੀ ਹੈ।
ਦੱਸਿਆ ਜਾ ਰਿਹਾ ਹੈ ਕਿ ਬਾਇਉਪਿਕ ਲਈ ਜ਼ਰੂਰੀ ਸਕ੍ਰਿਪਟ ਰਾਈਟਿੰਗ ਵੀ ਕਰ ਲਈ ਗਈ ਹੈ। ਫਿਲਮ ਦੇ ਸਕ੍ਰੀਨਪਲੇ ਵਿੱਚ ਸੌਰਵ ਗਾਂਗੁਲੀ ਦੀ ਜ਼ਿੰਦਗੀ ਨਾਲ ਜੁੜੀਆਂ ਕਈ ਅਣਸੁਣੀਆਂ ਅਤੇ ਦਿਲਚਸਪ ਕਹਾਣੀਆਂ ਨੂੰ ਸ਼ਾਮਿਲ ਕੀਤਾ ਗਿਆ ਹੈ । ਰਿਪੋਰਟ ਮੁਤਾਬਕ ਨਿਰਦੇਸ਼ਕ ਨੇ ਫਿਲਮ ਵਿੱਚ ਸੌਰਵ ਦੀ ਜ਼ਿੰਦਗੀ ਨੂੰ ਸਿਰਫ਼ BCCI ਪ੍ਰਧਾਨ ਦੇ ਤੌਰ ‘ਤੇ ਪੇਸ਼ ਕਰਨ ਦੀ ਬਜਾਏ ਉਨ੍ਹਾਂ ਦੀ ਨਿੱਜੀ ਜ਼ਿੰਦਗੀ ‘ਤੇ ਵੀ ਫੋਕਸ ਕੀਤਾ ਹੈ। ਉਨ੍ਹਾਂ ਦੇ ਸਫ਼ਰ ਨੂੰ ਫ਼ਿਲਮਾਉਣ ‘ਤੇ ਜ਼ੋਰ ਦਿੱਤਾ ਗਿਆ ਹੈ।
ਦੱਸ ਦੇਈਏ ਕਿ ਰਿਪੋਰਟਾਂ ਮੁਤਾਬਕ ਫ਼ਿਲਮ ਵਿੱਚ ਰਣਬੀਰ ਕਪੂਰ ਸੌਰਵ ਦੀ ਭੂਮਿਕਾ ਵਿੱਚ ਨਜ਼ਰ ਆ ਸਕਦੇ ਹਨ। ਉੱਥੇ ਹੀ ਕੁਝ ਰਿਪੋਰਟਾਂ ਮੁਤਾਬਕ ਆਯੂਸ਼ਮਾਨ ਖੁਰਾਣਾ ਦਾ ਨਾਂਅ ਵੀ ਲੀਡ ਐਕਟਰ ਦੇ ਤੌਰ ‘ਤੇ ਸਾਹਮਣੇ ਆਇਆ ਹੈ। ਫਿਲਹਾਲ ਇਹ ਤੈਅ ਨਹੀਂ ਹੈ ਕਿ ਫ਼ਿਲਮ ਵਿੱਚ ‘ਦਾਦਾ’ ਦਾ ਮੁੱਖ ਕਿਰਦਾਰ ਕੌਣ ਨਿਭਾਏਗਾ। ਮੀਡੀਆ ਅਦਾਰੇ ਨਾਲ ਗੱਲਬਾਤ ਕਰਦੇ ਹੋਏ ਸੌਰਵ ਗਾਂਗੁਲੀ ਨੇ ਕਿਹਾ ਕਿ ਫ਼ਿਲਮ ਦੀ ਸਕ੍ਰਿਪਟ ਲਗਭਗ ਫਾਈਨਲ ਹੋ ਚੁੱਕੀ ਹੈ। ਫਿਲਮ ਦਾ ਨਿਰਮਾਣ ਕਿਸੇ ਵੱਡੇ ਬੈਨਰ ਦੇ ਨਾਲ ਕਰੀਬ 200 ਤੋਂ 250 ਕਰੋੜ ਦੇ ਬਜਟ ਵਿੱਚ ਹੋ ਸਕਦਾ ਹੈ।