ਗੜ੍ਹਸ਼ੰਕਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਗੜ੍ਹਸ਼ੰਕਰ-ਚੰਡੀਗੜ੍ਹ ਰੋਡ ‘ਤੇ ਸਥਿਤ ਪਿੰਡ ਪਨਾਮ ਲਾਗੇ ਸੋਮਵਾਰ ਸ਼ਾਮ ਕਰੀਬ 6 ਵਜੇ ਵਾਪਰੇ ਇਕ ਸੜਕ ਹਾਦਸੇ ਦੌਰਾਨ 5 ਸਾਲ ਦੇ ਬੱਚੇ ਦੀ ਮੌਤ ਹੋ ਗਈ ਅਤੇ 5 ਵਿਅਕਤੀ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਐਕਟਿਵਾ ਸਵਾਰ ਬਿੰਦੀਆ (26) ਪਤਨੀ ਲਵਦੀਪ ਵਾਸੀ ਪਨਾਮ ਥਾਣਾ ਗੜ੍ਹਸ਼ੰਕਰ ਆਪਣੇ 5 ਸਾਲਾ ਲੜਕੇ ਪਵਨ ਨਾਲ ਗੜ੍ਹਸ਼ੰਕਰ ਵਾਲੇ ਪਾਸਿਓਂ ਪਿੰਡ ਨੂੰ ਜਾ ਰਹੀ ਸੀ।
ਜਦੋਂ ਉਹ ਪਿੰਡ ਦਾ ਮੋੜ ਮੁੜਨ ਲੱਗੀ ਤਾਂ ਬਲਾਚੌਰ ਵਾਲੇ ਪਾਸਿਓਂ ਆ ਰਹੀ ਸਵਿਫਟ ਕਾਰ ਸਕੂਟਰੀ ਨਾਲ ਵੱਜ ਕੇ ਦਰੱਖ਼ਤ ਨਾਲ ਟਕਰਾਅ ਗਈ। ਹਾਦਸੇ ਦੌਰਾਨ ਕਾਰ ਸਵਾਰ ਮੁਕੇਸ਼ ਕੁਮਾਰੀ (53), ਰਾਮ ਕੁਮਾਰ (63), ਸੁਰੇਸ਼ ਕੁਮਾਰੀ (40) ਸਾਰੇ ਵਾਸੀ ਹਰਿਆਣਾ ਅਤੇ ਪ੍ਰਿੰਸੀਪਲ ਹਰਜੀਤ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਗੁਰਦਾਸਪੁਰ ਫੱਟੜ ਹੋ ਗਏ। ਜ਼ਖ਼ਮੀਆਂ ਨੂੰ ਲੋਕਾਂ ਵੱਲੋਂ ਸਰਕਾਰੀ ਹਸਪਤਾਲ ਗੜ੍ਹਸ਼ੰਕਰ ਪਹੁੰਚਾਇਆ ਗਿਆ।