ਜਿੱਤ ਤੋਂ ਬਾਅਦ ਮਾਨ ਸਰਕਾਰ ਦਾ ਜਲੰਧਰ ਵਾਸੀਆਂ ਨੂੰ ਤੋਹਫ਼ਾ : ਸੁਖਦੀਪ ਸਿੰਘ ਅੱਪਰਾ

0
338

ਜਲੰਧਰ| ਕਈ ਸਾਲ ਵਿਕਾਸ ਤੋਂ ਸੱਖਣੇ ਰਹੇ ਦੁਆਬੇ ਖਾਸ ਕਰ ਜਲੰਧਰ ਦੇ ਲੋਕਾਂ ਨੂੰ ਭਗਵੰਤ ਸਿੰਘ ਮਾਨ ਵਲੋਂ ਖਾਸ ਤੋਹਫੇ ਦਿੱਤੇ ਗਏ ਨੇ, ਜਿਸਦਾ ਲੋਕਾਂ ਵਲੋਂ ਧੰਨਵਾਦ ਕੀਤਾ ਜਾ ਰਿਹਾ ਹੈ। ਇਸ ਗੱਲ ਦਾ ਪ੍ਰਗਟਾਵਾ ਜਲੰਧਰ ਦੇ ਸੀਨੀਅਰ ਆਗੂ ਸੁਖਦੀਪ ਸਿੰਘ ਅੱਪਰਾ ਵਲੋਂ ਕੀਤਾ ਗਿਆ।

ਅੱਪਰਾ ਨੇ ਕਿਹਾ ਕਿ ਕਈ ਦਹਾਕਿਆਂ ਤੋਂ ਜਲੰਧਰ ਜ਼ਿਲ੍ਹੇ ਵੱਲ ਕਿਸੇ ਦਾ ਧਿਆਨ ਨਾ ਹੋਣ ਕਰਕੇ ਇਹ ਇਲਾਕਾ ਵਿਕਾਸ ਪੱਖੋਂ ਪਿੱਛੇ ਰਿਹਾ ਪਰ ਹੁਣ ਮਾਨ ਸਰਕਾਰ ਵਲੋਂ ਇਸਦੇ ਵਿਕਾਸ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਆਦਮਪੁਰ ਦਾ ਪੁਲ ਨਾ ਬਣਨ ਕਰਕੇ ਉਥੋਂ ਲੰਘਣ ਵਾਲੇ ਲੋਕਾਂ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ, ਜਿਸਦਾ ਉਦਘਾਟਨ ਮੁੱਖ ਮੰਤਰੀ ਵਲੋਂ ਕਰ ਦਿੱਤਾ ਗਿਆ ਹੈ ਅਤੇ ਜਲਦ ਹੀ ਇਹ ਪੁਲ ਸ਼ੁਰੂ ਕੀਤਾ ਜਾਵੇਗਾ। ਇਸਦੇ ਨਾਲ ਹੀ ਜੰਡਿਆਲਾ ਤੋਂ ਗੋਰਾਇਆ ਸੜਕ, ਜਿਸਦਾ ਬੁਰਾ ਹਾਲ ਸੀ, ਨੂੰ ਵੀ ਬਣਾਉਣ ਦਾ ਕਾਰਜ ਜਲਦ ਸ਼ੁਰੂ ਕੀਤਾ ਜਾ ਰਿਹਾ ਹੈ।

ਸੁਖਦੀਪ ਅੱਪਰਾ ਨੇ ਕਿਹਾ ਕਿ ਲੋਕ ਇਸ ਗੱਲ ਤੋਂ ਬਹੁਤ ਖੁਸ਼ ਹਨ ਕਿ ਉਨ੍ਹਾਂ ਨੇ ਸਹੀ ਪਾਰਟੀ ਨੂੰ ਵੋਟ ਦੇ ਕੇ ਉਸਦੇ ਉਮੀਦਵਾਰ ਨੂੰ ਜਿਤਾਇਆ ਹੈ ਅਤੇ ਲੋਕਾਂ ਨੂੰ ਮਾਨ ਸਰਕਾਰ ‘ਤੇ ਯਕੀਨ ਹੈ ਕਿ ਜਲਦ ਹੀ ਦੁਆਬੇ ਦੀ ਨੁਹਾਰ ਬਦਲੀ ਜਾਵੇਗੀ। ਕਾਫੀ ਲੰਬੇ ਸਮੇਂ ਤੋਂ ਗੋਰਾਇਆ ਬਾਈਪਾਸ ਦੀ ਮੰਗ ਜੋ ਲੋਕ ਕਰ ਰਹੇ ਹਨ, ਬਾਰੇ ਵੀ ਜਲਦ ਨਤੀਜਾ ਮਿਲਣ ਦੀ ਆਸ ਹੈ।