ਅੰਮ੍ਰਿਤਸਰ | ਇਥੋਂ ਇਕ ਖੌਫਨਾਕ ਖਬਰ ਸਾਹਮਣੇ ਆਈ ਹੈ। ਅੰਮ੍ਰਿਤਸਰ ‘ਚ ਸਵੇਰ ਦੀ ਸੈਰ ‘ਤੇ ਨਿਕਲੇ ਬਜ਼ੁਰਗ ਦਾ ਕਤਲ ਕਰ ਦਿੱਤਾ ਗਿਆ। ਬਾਈਕ ਸਵਾਰ 2 ਨੌਜਵਾਨਾਂ ਨੇ ਉਸ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਦਾ ਕਤਲ ਕੀਤਾ। ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ‘ਚ ਲੈ ਲਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਹ ਮਾਮਲਾ ਅਜਨਾਲਾ ਨਾਲ ਲੱਗਦੇ ਪਿੰਡ ਚੱਕ ਕਮਾਲ ਖਾਂ ਦਾ ਹੈ। ਸਰਬਜੀਤ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਸੁਖਵਿੰਦਰ ਸੈਰ ਕਰਨ ਲਈ ਘਰੋਂ ਨਿਕਲਿਆ ਸੀ। ਪਿੰਡ ਰੋਡ ‘ਤੇ 2 ਅਣਪਛਾਤੇ ਬਾਈਕ ਸਵਾਰਾਂ ਨੇ ਪਿੱਛੇ ਤੋਂ ਆ ਕੇ ਸੁਖਵਿੰਦਰ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਸੁਖਵਿੰਦਰ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਰਿਸ਼ਤੇਦਾਰਾਂ ਨੇ ਦੱਸਿਆ ਕਿ ਸੁਖਵਿੰਦਰ ਦਾ ਕਿਸੇ ਨਾਲ ਕੋਈ ਝਗੜਾ ਨਹੀਂ ਸੀ, ਜਿਸ ਕਾਰਨ ਪਰਿਵਾਰ ਵੀ ਕਤਲ ਦੇ ਕਾਰਨਾਂ ਬਾਰੇ ਕੁਝ ਵੀ ਕਹਿਣ ਤੋਂ ਅਸਮਰੱਥ ਹੈ। ਪਰਿਵਾਰਕ ਮੈਂਬਰਾਂ ਨੇ ਸੁਖਵਿੰਦਰ ਦੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਨ ਦੀ ਗੱਲ ਕਹੀ ਹੈ।
ਥਾਣਾ ਭਿੰਡੀਸੈਦਾਂ ਦੇ ਐਸਐਚਓ ਹਿਮਾਂਸ਼ੂ ਭਗਤ ਨੇ ਦੱਸਿਆ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਪਿੰਡ ਵਿੱਚ ਲੱਗੇ ਸਾਰੇ ਸੀਸੀਟੀਵੀ ਕੈਮਰਿਆਂ ਨੂੰ ਸਕੈਨ ਕੀਤਾ ਜਾ ਰਿਹਾ ਹੈ ਤਾਂ ਕਿ ਕੋਈ ਸੁਰਾਗ ਮਿਲ ਸਕੇ ਜਾਂ ਕਾਤਲਾਂ ਬਾਰੇ ਕੋਈ ਜਾਣਕਾਰੀ ਮਿਲ ਸਕੇ।