ludhiana gas leak : ਆਪਣਿਆਂ ਨੂੰ ਲੱਭ ਰਹੀਆਂ 8 ਮਹੀਨੇ ਦੇ ਆਰੀਅਨ ਦੀਆਂ ਅੱਖਾਂ, ਹਾਦਸੇ ‘ਚ ਪੂਰਾ ਪਰਿਵਾਰ ਹੋਇਆ ਖਤਮ

0
613

ਲੁਧਿਆਣਾ| ਗੈਸ ਹਾਦਸੇ ‘ਚ ਗੋਇਲ ਕਰਿਆਨਾ ਸਟੋਰ (Goyal Kariana Store) ਦੇ ਸੌਰਵ, ਉਸ ਦੀ ਪਤਨੀ ਅਤੇ ਮਾਂ ਤਿੰਨਾਂ ਦੀ ਮੌਤ ਹੋ ਗਈ। ਪਰ ਇਸ ਦੌਰਾਨ ‘ਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਈ’ ਦੀ ਕਹਾਵਤ ਵੀ ਸੱਚ ਹੋ ਗਈ। ਇਸ ਦੌਰਾਨ ਸੌਰਵ ਦਾ 8 ਮਹੀਨੇ ਦਾ ਬੇਟਾ ਵੀ ਘਰ ਦੇ ਅੰਦਰ ਹੀ ਸੀ ਜੋ ਇਸ ਹਾਦਸੇ ‘ਚ ਵਾਲ਼-ਵਾਲ਼ ਬਚ ਗਿਆ।

ਉਸ ਨੂੰ ਬਚਾਉਣ ਵਾਲੀ ਗੁਆਂਢੀ ਔਰਤ ਸਮੇਂ ਸਿਰ ਘਰ ਗਈ ਅਤੇ ਆਰੀਅਨ ਨੂੰ ਗੋਦ ਵਿਚ ਲੈ ਕੇ ਬਾਹਰ ਲੈ ਆਈ। ਹਾਲਾਂਕਿ ਔਰਤ ਦੀ ਹਾਲਤ ਵੀ ਵਿਗੜ ਗਈ ਪਰ ਫਿਰ ਉਹ ਆਪਣੇ ਦਿਓਰ ਦੀ ਮਦਦ ਨਾਲ ਉਥੋਂ ਨਿਕਲ ਗਈ।

ਗੁਆਂਢੀ ਔਰਤ ਸ਼ਿਕਾਂਤੀ ਨੇ ਦੱਸਿਆ ਕਿ ਉਹ ਗੋਇਲ ਕਰਿਆਨਾ ਸਟੋਰ ਤੋਂ ਕੁਝ ਦੂਰੀ ‘ਤੇ ਰਹਿੰਦੀ ਹੈ। ਹਾਦਸਾ ਵਾਪਰਦੇ ਹੀ ਇਲਾਕੇ ‘ਚ ਹਫੜਾ-ਦਫੜੀ ਮਚ ਗਈ। ਜਿੱਥੇ ਸਾਰਾ ਗੋਇਲ ਪਰਿਵਾਰ ਬੇਹੋਸ਼ ਹੋ ਗਿਆ। ਉਹ ਕਿਸੇ ਤਰ੍ਹਾਂ ਘਰ ਦੇ ਅੰਦਰ ਗਈ ਅਤੇ ਬੱਚੇ ਨੂੰ ਬਾਹਰ ਲੈ ਆਈ। ਫਿਰ ਉਹ ਬੱਚੇ ਨੂੰ ਨੇੜੇ ਹੀ ਰਹਿੰਦੀ ਬੱਚੇ ਦੀ ਮਾਸੀ ਮਾਧੁਰੀ ਦੇ ਘਰ ਲੈ ਗਏ ਅਤੇ ਆਰੀਅਨ ਨੂੰ ਉਸ ਦੇ ਹਵਾਲੇ ਕਰ ਦਿੱਤਾ।

ਨਿੱਕੀ ਉਮਰੇ ਆਪਣਾ ਪੂਰਾ ਪਰਿਵਾਰ ਗੁਆ ਚੁੱਕੇ ਆਰੀਅਨ ਦੀਆਂ ਅੱਖਾਂ ਹੁਣ ਆਪਣਿਆਂ ਨੂੰ ਲੱਭ ਰਹੀਆਂ ਹਨ। ਆਰੀਅਨ ਵਾਰ-ਵਾਰ ਆਪਣੇ ਘਰ ਵੱਲ਼ ਦੇਖਦਾ ਹੈ, ਪਰ ਉਥੇ ਉਸਨੂੰ ਕੋਈ ਦਿਖਾਈ ਨਹੀਂ ਦਿੰਦਾ। ਫਿਲਹਾਲ ਹੁਣ ਮਾਸੀ ਮਾਧੁਰੀ 8 ਮਹੀਨੇ ਦੇ ਆਰੀਅਨ ਦੀ ਦੇਖਭਾਲ ਕਰੇਗੀ।