ਮੋਰਿੰਡਾ ‘ਚ ਬੇਅਦਬੀ ਦੀ ਘਟਨਾ ਵਿਰੁੱਧ ਸੰਗਤਾਂ ਦਾ ਧਰਨਾ ਦੂਜੇ ਦਿਨ ਵੀ ਜਾਰੀ, ਸਥਿਤੀ ਤਣਾਅਪੂਰਨ

0
1737

ਰੋਪੜ/ਮੋਰਿੰਡਾ | ਬੀਤੇ ਕੱਲ੍ਹ ਬੇਅਦਬੀ ਦੀ ਘਟਨਾ ਵਾਪਰਨ ਤੋਂ ਬਾਅਦ ਮੋਰਿੰਡਾ ਵਿਚ ਸੰਗਤਾਂ ਵੱਲੋਂ ਅੱਜ 25 ਅਪ੍ਰੈਲ ਨੂੰ ਵੀ ਧਰਨਾ ਜਾਰੀ ਹੈ। ਇਸ ਮਾਮਲੇ ਵਿਚ ਪੁਲਿਸ ਨੇ ਕੱਲ੍ਹ ਹੀ ਕੇਸ ਦਰਜ ਕਰ ਲਿਆ ਸੀ। ਉੱਧਰ ਬੇਅਦਬੀ ਦੇ ਪਛਤਾਵੇ ਵਜੋਂ ਗੁ. ਕੋਤਵਾਲੀ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਹਨ ਅਤੇ ਸੰਗਤਾਂ ਵਾਹਿਗੁਰੂ ਦਾ ਜਾਪ ਕਰ ਰਹੀਆਂ ਹਨ। ਇਸੇ ਤਰ੍ਹਾਂ ਸੰਗਤਾਂ ਵੱਲੋਂ ਧਰਨਾ ਵੇਰਕਾ ਚੌਕ ਵਿਖੇ ਚੱਲ ਰਿਹਾ ਹੈ ਜੋ ਮੋਰਿੰਡਾ ਪੁਲਿਸ ਥਾਣੇ ਤੋਂ ਕਰੀਬ 150 ਮੀਟਰ ਦੂਰੀ ’ਤੇ ਲੱਗਾ ਹੋਇਆ ਹੈ।

ਦੂਜੇ ਪਾਸੇ ਪੁਲਿਸ ਅਧਿਕਾਰੀਆਂ ਤੋਂ ਇਲਾਵਾ ਏਡੀਸੀ ਹਰਜੋਤ ਕੌਰ ਵੀ ਪਹੁੰਚੇ ਹੋਏ ਹਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੇਅਦਬੀ ਨੂੰ ਲੈ ਕੇ ਸਥਿਤੀ ਦਾ ਜਾਇਜ਼ਾ ਲੈਣ ਲਈ ਐਸਜੀਪੀਸੀ ਮੈਂਬਰ ਅਜਮੇਰ ਸਿੰਘ ਖੇੜਾ, ਸ੍ਰੀ ਫਤਿਹਗੜ੍ਹ ਸਾਹਿਬ, ਸ੍ਰੀ ਚਮਕੌਰ ਸਾਹਿਬ ਤੇ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਦੇ ਮੈਨੇਜਰ ਪਹੁੰਚੇ ਹੋਏ ਹਨ ਅਤੇ ਕੁੱਝ ਮੁਲਾਜ਼ਮ ਵੀ ਐਸਜੀਪੀ ਵੱਲੋਂ ਭੇਜੇ ਗਏ ਹਨ।

ਦੱਸਣਯੋਗ ਹੈ ਕਿ ਬੀਤੇ ਕੱਲ੍ਹ ਸੰਗਤਾਂ ਨੇ ਬੇਅਦਬੀ ਕਰਨ ਵਾਲੇ ਦੀ ਕਾਫੀ ਕੁੱਟਮਾਰ ਕੀਤੀ ਸੀ ਤੇ ਫਿਰ ਉਸਨੂੰ ਪੁਲਿਸ ਹਵਾਲੇ ਕਰ ਦਿੱਤਾ ਸੀ। ਧਰਨੇ ਵਾਲੀ ਥਾਂ ’ਤੇ ਭਾਰੀ ਪੁਲਿਸ ਫੋਰਸ ਤਾਇਨਾਤ ਹੈ ਤੇ ਪੁਲਿਸ ਅਧਿਕਾਰੀਆਂ ਵੱਲੋਂ ਧਰਨਾਕਾਰੀਆਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਇਹ ਧਰਨਾ ਸਾਰੀ ਰਾਤ ਜਾਰੀ ਰਿਹਾ। ਇਹ ਸੰਗਤਾਂ ਮੰਗ ਕਰ ਰਹੀਆਂ ਹਨ ਕਿ ਬੇਅਦਬੀ ਕਰਨ ਵਾਲੇ ਨੂੰ ਸੰਗਤਾਂ ਹਵਾਲੇ ਕੀਤਾ ਜਾਵੇ। ਰੋਸ ਵਜੋਂ ਸਾਰੇ ਬਾਜ਼ਾਰ ਬੰਦ ਹਨ।