ਅਮਰੀਕਾ ’ਚ ਵਾਪਰੇ ਸੜਕ ਹਾਦਸੇ ’ਚ ਮਾਪਿਆਂ ਦੇ ਜਵਾਨ ਪੁੱਤ ਦੀ ਮੌਤ, ਕਪੂਰਥਲੇ ਦਾ ਰਹਿਣ ਵਾਲਾ ਸੀ ਮੁੰਡਾ

0
1359

ਕਪੂਰਥਲਾ| ਜਿਲ੍ਹਾ ਕਪੂਰਥਲਾ ਦੇ ਹਲਕਾ ਭੁਲੱਥ ਦੇ ਪਿੰਡ ਤਲਵੰਡੀ ਕੂਕਾ ਦੇ 22 ਸਾਲਾ ਨੌਜਵਾਨ ਦੀ ਅਮਰੀਕਾ ਦੇ ਮੈਰੀਲੈਂਡ ਇਲਾਕੇ ਵਿਚ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਦੱਸ ਦੇਈਏ ਕਿ ਰਾਜਵਿੰਦਰ ਸਿੰਘ (22) ਪੁੱਤਰ ਤਰਲੋਕ ਸਿੰਘ ਵਾਸੀ ਪਿੰਡ ਤਲਵੰਡੀ ਕੂਕਾ ਸਾਲ 2018 ਵਿਚ ਇਥੋਂ ਅਮਰੀਕਾ ਗਿਆ ਸੀ, ਜਿੱਥੇ ਪਹਿਲਾਂ ਇਸ ਨੌਜਵਾਨ ਨੇ ਸਟੋਰ ਵਿਚ ਕੰਮ ਕੀਤਾ ਅਤੇ ਬਾਅਦ ਵਿਚ ਟਰਾਲਾ ਸਿੱਖਿਆ। ਹੁਣ ਇਹ ਨੌਜਵਾਨ ਅਮਰੀਕਾ ਵਿਚ ਟਰਾਲਾ ਚਲਾਉਂਦਾ ਸੀ।

ਅਮਰੀਕਨ ਸਮੇਂ ਮੁਤਾਬਕ 5 ਅਪ੍ਰੈਲ ਨੂੰ ਸ਼ਾਮ ਦੇ 6 ਕੁ ਵਜੇ ਦੇ ਕਰੀਬ ਉਕਤ ਨੌਜਵਾਨ ਅਮਰੀਕਾ ਦੇ ਮੈਰੀਲੈਂਡ ਇਲਾਕੇ ਵਿਚ ਟਰਾਲਾ ਖੜ੍ਹਾ ਕਰਕੇ ਸਟੋਰ ਤੋਂ ਸਾਮਾਨ ਲੈਣ ਚੱਲਾ ਸੀ, ਇਸ ਦੌਰਾਨ ਪਿੱਛੋਂ ਆਈ ਤੇਜ਼ ਰਫ਼ਤਾਰ ਕਾਰ ਨੇ ਰਾਜਵਿੰਦਰ ਸਿੰਘ ਨੂੰ ਜ਼ੋਰਦਾਰ ਟੱਕਰ ਮਾਰੀ ਦਿੱਤੀ, ਜਿਸ ਤੋਂ ਬਾਅਦ ਉਕਤ ਨੌਜਵਾਨ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ ਅਤੇ ਜ਼ਖ਼ਮਾਂ ਦੀ ਤਾਬ ਨਾ ਝੱਲਦੇ ਹੋਏ ਨੌਜਵਾਨ ਦੀ ਮੌਤ ਹੋ ਗਈ।

ਮ੍ਰਿਤਕ ਦੇ ਪਿਤਾ ਤਰਲੋਕ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਲੜਕਾ ਹੁਣ ਕੈਲੇਫੋਰਨੀਆ ਵਿਚ ਰਹਿ ਰਿਹਾ ਸੀ, ਜਿਸ ਨੂੰ 17 ਸਾਲ ਦੀ ਉਮਰ ਵਿਚ ਉਸ ਨੇ ਕਰਜ਼ਾ ਚੁੱਕ ਕੇ ਅਮਰੀਕਾ ਭੇਜਿਆ ਸੀ। ਜੋ ਉਥੇ ਪੱਕਾ ਹੋ ਗਿਆ ਸੀ ਪਰ ਹਾਲੇ ਗ੍ਰੀਨ ਕਾਰਡ ਮਿਲਣਾ ਬਾਕੀ ਸੀ। 
ਪਿੰਡ ਦੇ ਮੋਹਤਬਰ ਵਿਕਾਸ ਜੁਲਕਾ ਦਾ ਕਹਿਣਾ ਹੈ ਕਿ ਪਰਿਵਾਰ ਆਰਥਿਕ ਪੱਖੋਂ ਮਜ਼ਬੂਤ ਨਹੀਂ ਹੈ, ਸਾਡੀ ਪੰਜਾਬ ਸਰਕਾਰ ਤੋਂ ਮੰਗ ਹੈ ਕੇਂਦਰ ਸਰਕਾਰ ਨਾਲ ਤਾਲਮੇਲ ਕਰਕੇ ਰਾਜਵਿੰਦਰ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਂਦਾ ਜਾਵੇ।