ਅੰਮ੍ਰਿਤਪਾਲ ਦੇ ਵਿਦੇਸ਼ ਬੈਠੇ ਅੱਤਵਾਦੀਆਂ ਨਾਲ ਕਰੀਬੀ ਸਬੰਧ, ਸੁਰੱਖਿਆ ਏਜੰਸੀਆਂ ਨੂੰ ਮਿਲੇ ਕਈ ਇਨਪੁਟ

0
247

ਚੰਡੀਗੜ੍ਹ | ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ ਦੇ ਵਿਦੇਸ਼ਾਂ ‘ਚ ਬੈਠੇ ਅੱਤਵਾਦੀ ਗਰੁੱਪਾਂ ਨਾਲ ਵੀ ਸਬੰਧ ਕਾਫੀ ਡੂੰਘੇ ਹਨ। ਸੂਤਰਾਂ ਮੁਤਾਬਕ ਸੁਰੱਖਿਆ ਏਜੰਸੀਆਂ ਦੀ ਜਾਂਚ ‘ਚ ਇਹ ਗੱਲ ਸਾਹਮਣੇ ਆਈ ਹੈ। ਇਸ ਤੋਂ ਬਾਅਦ ਸੁਰੱਖਿਆ ਏਜੰਸੀਆਂ ਪੂਰੀ ਤਰ੍ਹਾਂ ਚੌਕਸ ਹੋ ਗਈਆਂ ਹਨ। ਉਸ ਨਾਲ ਸਬੰਧਤ ਹਰ ਚੀਜ਼ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।

ਉਸ ਦੇ ਬੈਂਕ ਖਾਤਿਆਂ ਦੇ ਸਾਰੇ ਲਿੰਕਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਸੂਤਰਾਂ ਅਨੁਸਾਰ ਉਹ ਯੂਕੇ ‘ਚ ਰਹਿ ਰਹੇ ਖਾਲਿਸਤਾਨ ਪੱਖੀ ਅੱਤਵਾਦੀ ਅਵਤਾਰ ਸਿੰਘ ਖੰਡਾ ਦਾ ਕਰੀਬੀ ਸਾਥੀ ਹੈ। ਇਸ ਦੇ ਨਾਲ ਹੀ ਪਾਬੰਦੀਸ਼ੁਦਾ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਆਗੂ ਪਰਮਜੀਤ ਸਿੰਘ ਪੰਮਾ ਨਾਲ ਵੀ ਉਸ ਦੇ ਸਬੰਧ ਕਾਫੀ ਚੰਗੇ ਹਨ। ਉਹ ਸਿੱਖ ਨੌਜਵਾਨਾਂ ਨੂੰ ਕੱਟੜਪੰਥੀ ਬਣਾਉਣ ਲਈ ਵਿਚਾਰਧਾਰਕ ਸਿਖਲਾਈ ਦਿੰਦਾ ਹੈ। ਇਸ ਤੋਂ ਇਲਾਵਾ ਉਹ ਇੰਟਰਨੈਸ਼ਨਲ ਸਿੱਖ ਯੂਥ ਫੈੱਡਰੇਸ਼ਨ ਦੇ ਮੁਖੀ ਲਖਬੀਰ ਸਿੰਘ ਰੋਡੇ ਦੇ ਵੀ ਕਰੀਬੀ ਹੈ। ਇਹ ਤਿੰਨੇ ਅੱਤਵਾਦੀ ਪੰਜਾਬ ਦਾ ਮਾਹੌਲ ਖਰਾਬ ਕਰਨ ‘ਚ ਲੱਗੇ ਹੋਏ ਹਨ।

ਧਰਮ ਦੇ ਨਾਂ ‘ਤੇ ਧੋਖਾ ਕੀਤਾ ਗਿਆ
ਸੂਤਰਾਂ ਤੋਂ ਪਤਾ ਲੱਗਾ ਹੈ ਕਿ ਜਦੋਂ ਅੰਮ੍ਰਿਤਪਾਲ ਦੁਬਈ ‘ਚ ਡਰਾਈਵਰ ਸੀ ਤਾਂ ਉਹ ਆਪਣੇ ਚਾਚੇ ਦੇ ਟਰਾਂਸਪੋਰਟ ‘ਚ ਵੀ ਕੰਮ ਕਰਦਾ ਸੀ। ਫਿਰ ਉਹ ਰੋਡੇ ਦੇ ਭਰਾ ਜਸਵੰਤ ਦੇ ਸੰਪਰਕ ‘ਚ ਸੀ। ਇਸ ਦੇ ਨਾਲ ਹੀ ਉਹ ਆਈਐਸਆਈ ਦੇ ਨੇੜੇ ਹੋ ਗਿਆ। ਮੰਨਿਆ ਜਾਂਦਾ ਹੈ ਕਿ ਉਸ ਨੂੰ ਆਈ.ਐੱਸ.ਆਈ. ਦੇ ਏਜੰਟਾਂ ਨੇ ਧਰਮ ਦੇ ਨਾਂ ‘ਤੇ ਬੇਕਸੂਰ ਨੌਜਵਾਨਾਂ ਨੂੰ ਭੜਕਾਉਣ ਲਈ ਕਿਹਾ ਸੀ। ਅੰਮ੍ਰਿਤਪਾਲ ਸਿੰਘ ਪਿਛਲੇ ਸਾਲ ਅਗਸਤ ‘ਚ ਆਈਐਸਆਈ ਦੇ ਕਹਿਣ ’ਤੇ ਭਾਰਤ ਆਇਆ ਸੀ।

ਖਾਲਿਸਤਾਨ ਪੱਖੀ ਅੰਮ੍ਰਿਤਪਾਲ ਅਤੇ ਉਸ ਦੇ ਸਮਰਥਕਾਂ ‘ਤੇ ਪੰਜਾਬ ਪੁਲਿਸ ਦੀ ਕਾਰਵਾਈ ਤੋਂ ਬਾਅਦ ਸੂਬੇ ‘ਚ ਸਥਿਤੀ ਤਣਾਅਪੂਰਨ ਬਣੀ ਹੋਈ ਹੈ। ਸਭ ਤੋਂ ਵੱਧ ਤਣਾਅ ਅੰਮ੍ਰਿਤਪਾਲ ਦੇ ਪਿੰਡ ਜੱਲੂਪੁਰ ਖੇੜਾ ‘ਚ ਹੈ। ਪਿਛਲੇ 36 ਘੰਟਿਆਂ ਤੋਂ ਪੂਰਾ ਪਿੰਡ ਸਖ਼ਤ ਪਹਿਰੇ ਹੇਠ ਹੈ। ਵੱਡੀ ਗਿਣਤੀ ‘ਚ ਸੁਰੱਖਿਆ ਬਲ ਤਾਇਨਾਤ ਹਨ। ਜੱਲੂਪੁਰ ਖੇੜਾ ਦੀਆਂ ਸੜਕਾਂ ’ਤੇ ਨਾਕੇ ਲਾਏ ਗਏ ਹਨ। ਸੁਰੱਖਿਆ ਏਜੰਸੀਆਂ ਪਿੰਡ ‘ਚ ਆਉਣ-ਜਾਣ ਵਾਲੇ ਹਰ ਵਿਅਕਤੀ ‘ਤੇ ਤਿੱਖੀ ਨਜ਼ਰ ਰੱਖ ਰਹੀਆਂ ਹਨ।

ਹਰਿਮੰਦਰ ਸਾਹਿਬ ਨੇੜੇ 6 ਸਮਰਥਕ ਗ੍ਰਿਫਤਾਰ
ਅੰਮ੍ਰਿਤਸਰ ‘ਚ ਹਰਿਮੰਦਰ ਸਾਹਿਬ ਨੇੜੇ ਪੁਲਿਸ ਨੇ ਅੰਮ੍ਰਿਤਪਾਲ ਸਿੰਘ ਦੇ ਕਰੀਬੀ 6 ਸਮਰਥਕਾਂ ਨੂੰ ਗ੍ਰਿਫਤਾਰ ਕੀਤਾ ਹੈ। ਫੜੇ ਗਏ ਸਮਰਥਕਾਂ ਨੂੰ ਕਿੱਥੇ ਲਿਜਾਇਆ ਗਿਆ ਹੈ, ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਅੰਮ੍ਰਿਤਸਰ ਦੇ ਹਰ ਐਂਟਰੀ ਪੁਆਇੰਟ ‘ਤੇ ਜਾਂਚ ਕੀਤੀ ਜਾ ਰਹੀ ਹੈ।