ਲੁਧਿਆਣਾ | ਇਥੋਂ ਇਕ ਸ਼ਰਮਨਾਕ ਖਬਰ ਸਾਹਮਣੇ ਆਈ ਹੈ। ਪਿੰਡ ਕੱਕਾ ਕੋਲ ਰਹਿਣ ਵਾਲੇ ਪਰਿਵਾਰ ਦੀ ਫੈਕਟਰੀ ਵਿਚ ਕੰਮ ਕਰਨ ਵਾਲੀ ਲੜਕੀ ਨਾਲ ਮਾਲਕ ਨੇ ਰੇਪ ਕੀਤਾ। ਪੀੜਤਾ ਮੁਤਾਬਕ ਉਸਦੀ ਇਸ ਘਿਨਾਉਣੀ ਕਰਤੂਤ ਵਿਚ ਉਸਦੀ ਪਤਨੀ ਨੇ ਵੀ ਪੂਰੀ ਮਦਦ ਕੀਤੀ। ਉਸਨੇ ਪੀੜਤ ਲੜਕੀ ਦੀ ਅਸ਼ਲੀਲ ਵੀਡੀਓ ਬਣਾਈ, ਜਿਸ ਦੇ ਜ਼ੋਰ ‘ਤੇ ਮੁਲਜ਼ਮ ਨੇ ਪੀੜਤਾ ਨੂੰ ਕਾਫੀ ਦੇਰ ਤਕ ਬਲੈਕਮੇਲ ਕੀਤਾ।
ਵਾਰਦਾਤ ਦੀ ਸ਼ਿਕਾਰ ਹੋਈ ਲੜਕੀ ਮੁਤਾਬਕ ਉਹ ਅਤੇ ਉਸ ਦੀ ਮਾਂ ਸ਼ਾਹਿਦ ਦੇ ਘਰ ਕੱਪੜੇ ਦੀ ਵੇਸਟ ਅਲੱਗ ਕਰਨ ਦਾ ਕੰਮ ਕਰਦੀ ਸੀ। ਬੀਤੇ ਵਰ੍ਹੇ ਤੋਂ ਮੁਲਜ਼ਮ ਸ਼ਾਹਿਦ ਨੇ ਕਈ ਵਾਰ ਉਸ ਨਾਲ ਛੇੜਖਾਨੀ ਕਰਨ ਦੀ ਕੋਸ਼ਿਸ਼ ਕੀਤੀ।
ਪੀੜਤਾ ਮੁਤਾਬਕ ਬੀਤੇ ਅਕਤੂਬਰ ਮਹੀਨੇ ਵਿਚ ਸ਼ਾਹਿਦ ਨੇ ਆਪਣੀ ਪਤਨੀ ਇਮਰਾਨਾ ਦੀ ਮਦਦ ਨਾਲ ਉਸਨੂੰ ਆਪਣੇ ਘਰ ਬੁਲਾ ਲਿਆ ਅਤੇ ਘਿਨਾਉਣੀ ਕਰਤੂਤ ਅੰਜਾਮ ਦੇਣ ਮਗਰੋਂ ਮੁਲਜ਼ਮ ਪਤੀ-ਪਤਨੀ ਨੇ ਉਸਨੂੰ ਇਸ ਘਟਨਾ ਬਾਰੇ ਮੂੰਹ ਬੰਦ ਰੱਖਣ ਲਈ ਧਮਕਾਇਆ ਅਤੇ ਕਿਸੇ ਨੂੰ ਭੇਤ ਦੱਸਣ ਦੀ ਸੂਰਤ ਵਿਚ ਅਸ਼ਲੀਲ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਕਰਕੇ ਬਦਨਾਮ ਕਰਨ ਦੀ ਧਮਕੀ ਦਿੱਤੀ।
ਸ਼ਾਹਿਦ ਨੇ ਕਈ ਵਾਰ ਉਸ ਨਾਲ ਜਬਰੀ ਸਰੀਰਕ ਸਬੰਧ ਬਣਾਏ। ਵਾਰ-ਵਾਰ ਮੁਲਜ਼ਮ ਹੱਥੋਂ ਜ਼ਲੀਲ ਹੋਣ ‘ਤੇ ਪੀੜਤਾ ਨੇ ਉਸ ਕੋਲ਼ੋਂ ਦੂਰ ਜਾਣ ਲਈ ਸ਼ਾਹਿਦ ਦੀ ਫੈਕਟਰੀ ਵਿਚੋਂ ਕੰਮ ਛੱਡ ਦਿੱਤਾ। ਘਰ ਚਲਾਉਣ ਲਈ ਉਸਨੇ ਕਿਸੇ ਹੋਰ ਫੈਕਟਰੀ ਵਿਚ ਨੌਕਰੀ ਸ਼ੁਰੂ ਕਰ ਦਿੱਤੀ।
ਪੀੜਤਾ ਮੁਤਾਬਕ ਇਕ ਵਾਰ ਫਿਰ ਮੋਟਰਸਾਈਕਲ ‘ਤੇ ਸਵਾਰ ਹੋ ਕੇ ਆਏ ਸ਼ਾਹਿਦ ਨੇ ਰਾਹ ਵਿਚ ਘੇਰ ਲਿਆ ਤੇ ਗੱਲ ਕਰਨ ਲਈ ਮਜਬੂਰ ਕੀਤਾ। ਉਸਦੇ ਇਨਕਾਰ ਤੋਂ ਤੈਸ਼ ਵਿਚ ਆਏ ਉਨ੍ਹਾਂ ਦੋਵਾਂ ਨੇ ਪੀੜਤਾ ਨੂੰ ਕਿਹਾ ਕਿ ਸ਼ਾਹਿਦ ਨਾਲ ਗੱਲ ਕਰਨ ਤੋਂ ਇਨਕਾਰ ਕਰਨ ਦਾ ਨਤੀਜਾ ਭੁਗਤਣਾ ਪਵੇਗਾ। ਪੀੜਤ ਨੇ ਸਾਰੀ ਗੱਲ ਆਪਣੇ ਪਰਿਵਾਰ ਦੇ ਧਿਆਨ ਵਿਚ ਲਿਆਂਦੀ ਅਤੇ ਉਕਤ ਮਾਮਲੇ ਦੀ ਸ਼ਿਕਾਇਤ ਥਾਣਾ ਟਿੱਬਾ ਪੁਲਿਸ ਕੋਲ ਦਰਜ ਕਰਵਾ ਦਿੱਤੀ।
ਤਫਤੀਸ਼ੀ ਅਧਿਕਾਰੀ ਸਹਾਇਕ ਥਾਣੇਦਾਰ ਸ਼ਾਮ ਸਿੰਘ ਮੁਤਾਬਕ ਪੀੜਤਾ ਦੇ ਬਿਆਨਾਂ ‘ਤੇ ਨਿਊ ਸ਼ੰਕਰ ਕਾਲੋਨੀ ਦੇ ਰਹਿਣ ਵਾਲੇ ਸ਼ਾਹਿਦ ਅਤੇ ਉਸਦੀ ਪਤਨੀ ਇਮਰਾਨ ਸਮੇਤ 2 ਹੋਰਾਂ ਖਿਲਾਫ ਵੱਖ-ਵੱਖ ਦੋਸ਼ਾਂ ਅਧੀਨ ਪਰਚਾ ਦਰਜ ਕਰਕੇ ਫਰਾਰ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।