ਪੰਜਾਬੀ ਯੂਨੀਵਰਸਿਟੀ ‘ਚ ਵਿਦਿਆਰਥੀ ਦੇ ਕਤਲ ਮਾਮਲੇ ‘ਚ ਨਾਮਜ਼ਦ ਤਿੰਨ ਸਮੇਤ 6 ‘ਤੇ ਮਾਮਲਾ ਦਰਜ, ਸਾਰੇ ਦੋਸ਼ੀ ਘਰੋਂ ਫਰਾਰ

0
1027

ਪਟਿਆਲਾ| ਪੰਜਾਬੀ ਯੂਨੀਵਰਸਿਟੀ ਦੇ ਕਾਲਜ ਆਫ਼ ਇੰਜਨੀਅਰਿੰਗ ਦੀ ਇਮਾਰਤ ਦੇ ਬਾਹਰ ਦੋ ਗੁੱਟਾਂ ਵਿਚਾਲੇ ਹੋਈ ਝੜਪ ਵਿੱਚ 20 ਸਾਲਾ ਵਿਦਿਆਰਥੀ ਨਵਜੋਤ ਸਿੰਘ ਦੇ ਕਤਲ ਦੇ ਮਾਮਲੇ ਵਿੱਚ ਪੁਲਿਸ ਦੇ ਹੱਥ ਖਾਲੀ ਹਨ। ਉਧਰ, ਥਾਣਾ ਅਰਬਨ ਅਸਟੇਟ ਵਿੱਚ ਯੂਨੀਵਰਸਿਟੀ ਦੇ ਤਿੰਨ ਵਿਦਿਆਰਥੀਆਂ ਦੇ ਨਾਮ ਤੋਂ ਇਲਾਵਾ ਪੁਲਿਸ ਨੇ ਤਿੰਨ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕਤਲ, ਲੜਾਈ-ਝਗੜੇ ਅਤੇ ਕੁੱਟਮਾਰ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਐਸਪੀ (ਇਨਵੈਸਟੀਗੇਸ਼ਨ) ਹਰਵੀਰ ਸਿੰਘ ਅਟਵਾਲ ਨੇ ਦੱਸਿਆ ਕਿ ਫਿਲਹਾਲ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ।

ਮੁਲਜ਼ਮਾਂ ਨੂੰ ਫੜਨ ਲਈ ਪੰਜ ਟੀਮਾਂ ਭੇਜੀਆਂ ਗਈਆਂ ਸਨ ਪਰ ਮੁਲਜ਼ਮ ਘਰੋਂ ਫਰਾਰ ਹਨ। ਉਨ੍ਹਾਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਮਾਮਲੇ ਵਿੱਚ ਨਾਮਜ਼ਦ ਕੀਤੇ ਗਏ ਤਿੰਨ ਮੁਲਜ਼ਮਾਂ ਵਿੱਚ ਸੰਜੋਤ ਸਿੰਘ ਵਾਸੀ ਫ਼ਿਰੋਜ਼ਪੁਰ, ਮੋਹਿਤ ਵਾਸੀ ਜਲਾਲਾਬਾਦ ਅਤੇ ਹਰਵਿੰਦਰ ਸਿੰਘ ਵਾਸੀ ਫ਼ਰੀਦਕੋਟ ਸ਼ਾਮਲ ਹਨ।

ਐਸਪੀ ਹਰਵੀਰ ਸਿੰਘ ਅਟਵਾਲ ਨੇ ਮੰਨਿਆ ਕਿ ਪੁਲਿਸ ਵੱਲੋਂ ਇੱਕ ਅਣਪਛਾਤੇ ਮੁਲਜ਼ਮ ਦੀ ਪਹਿਚਾਣ ਕਰ ਲਈ ਗਈ ਹੈ, ਜੋ ਕਿ ਕੈਂਪਸ ਦੇ ਬਾਹਰ ਦਾ ਰਹਿਣ ਵਾਲਾ ਹੈ। ਫਿਲਹਾਲ ਦੋਸ਼ੀ ਦੀ ਪਛਾਣ ਜਨਤਕ ਨਹੀਂ ਕੀਤੀ ਜਾ ਸਕਦੀ। ਬਾਕੀ ਦੋ ਅਣਪਛਾਤੇ ਮੁਲਜ਼ਮਾਂ ਦੀ ਪਛਾਣ ਹੋਣੀ ਬਾਕੀ ਹੈ। ਦੋਵਾਂ ਗੁੱਟਾਂ ਵਿਚਾਲੇ ਝੜਪ ਦੇ ਕਾਰਨਾਂ ਦੀ ਅਜੇ ਜਾਂਚ ਕੀਤੀ ਜਾ ਰਹੀ ਹੈ।

ਸਰਕਾਰੀ ਰਾਜਿੰਦਰਾ ਹਸਪਤਾਲ ਵਿੱਚ ਨੌਜਵਾਨ ਦਾ ਪੋਸਟਮਾਰਟਮ ਕਰਵਾਉਣ ਪੁੱਜੇ ਪੀੜਤ ਪਰਿਵਾਰ ਨੇ ਪੁਲਿਸ ਖ਼ਿਲਾਫ਼ ਨਾਰਾਜ਼ਗੀ ਜ਼ਾਹਰ ਕਰਦਿਆਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ। ਪੁਲਿਸ ਟੀਮ ਨੇ ਮੌਕੇ ’ਤੇ ਪਹੁੰਚ ਕੇ ਗੁੱਸੇ ਵਿੱਚ ਆਏ ਪਰਿਵਾਰਕ ਮੈਂਬਰਾਂ ਨੂੰ ਸ਼ਾਂਤ ਕੀਤਾ। ਬਾਅਦ ‘ਚ ਵਿਦਿਆਰਥੀ ਦੀ ਲਾਸ਼ ਪੋਸਟਮਾਰਟਮ ਤੋਂ ਬਾਅਦ ਪਰਿਵਾਰ ਨੂੰ ਸੌਂਪ ਦਿੱਤੀ ਗਈ।