ਗੁਰਪ੍ਰੀਤ ਡੈਨੀ | ਜਲੰਧਰ
ਕੋਰੋਨਾ ਕਾਰਨ ਸਾਰੇ ਕਾਰੋਬਾਰ ਠੱਪ ਹੋ ਗਏ ਹਨ। ਫੈਕਟਰੀਆਂ ਬੰਦ ਹੋ ਗਈਆਂ ਹਨ। ਉੱਥੇ ਹੀ ਜਲੰਧਰ ਦਾ ਲੈਂਦਰ ਕੰਪਲੈਕਸ ਵੀ ਬੰਦ ਹੋਣ ਦੀ ਕਗਾਰ ਉੱਤੇ ਖੜਾ ਹੈ। ਲੈਂਦਰ ਕੰਪਲੈਕਸ ਕੋਰੋਨਾ ਦੀ ਮਾਰ ਤੋਂ ਪਹਿਲਾਂ ਦਾ ਹੀ 29 ਅਕਤੂਬਰ 2019 ਤੋਂ ਬੰਦ ਪਿਆ ਹੈ। ਹੁਣ ਕੋਰੋਨਾ ਦੀ ਮਾਰ ਨੇ ਇਸ ਨੂੰ ਹੋਰ ਲਿੱਸਾ ਕਰ ਦਿੱਤਾ ਹੈ। ਲੈਂਦਰ ਕੰਪਲੈਕਸ ਦੇ ਪ੍ਰਧਾਨ ਪ੍ਰਵੀਨ ਕੁਮਾਰ ਰਘੂ ਨੇ ਦੱਸਿਆ ਕਿ ਸਾਡਾ ਕਾਰੋਬਾਰ ਪਹਿਲਾਂ ਹੀ ਮੰਦੀ ਦੀਆਂ ਰਾਹਾਂ ‘ਤੇ ਸੀ। ਕੋਰੋਨਾ ਸੰਕਟ ਨੇ ਹੁਣ ਹਾਲਾਤ ਇੰਨੇ ਬਦਤਰ ਕਰ ਦਿੱਤੇ ਹਨ ਕਿ ਅਸੀਂ ਇਸ ਕਾਰੋਬਾਰ ਨੂੰ ਮੁੜ ਖੜਾ ਕਰਨ ਬਾਰੇ ਸੋਚ ਵੀ ਨਹੀਂ ਸਕਦੇ। ਇਹ ਸਾਡੇ ਵੱਸ ਵਿੱਚ ਨਹੀਂ ਹੈ।
ਕੱਚੇ ਮਾਲ ਦਾ ਵਿਕਣਾ ਅਤੇ ਪਿੰਡਾਂ ‘ਚੋਂ ਹੱਡਾ ਰੇੜੀਆਂ ਦਾ ਬੰਦ ਹੋਣਾ
ਇਹ ਕੱਚਾ ਚਮੜਾ ਰੰਗ ਹੋ ਕੇ ਭਾਰਤ ਦੇ ਵੱਡੇ-ਵੱਡੇ ਸ਼ਹਿਰਾਂ ਜਿਵੇਂ ਕਲਕੱਤਾ, ਚਨੇਈ, ਮਦਰਾਸ ਆਦਿ ਵਿਚ ਜਾਂਦਾ ਸੀ। ਪਰ ਜਦੋਂ ਫੋਮ ਸ਼ੁਰੂ ਹੋ ਗਿਆ ਤਾਂ ਚਮੜੇ ਦੀ ਬੁੱਕਤ ਘੱਟ ਗਈ। ਲੋਕਾਂ ਨੇ ਚਮੜੇ ਦੀਆਂ ਬਣੀਆਂ ਚੀਜ਼ਾਂ ਖਰੀਦਣ ਦੀ ਥਾਂ ਫੋਮ ਦੀਆਂ ਚੀਜ਼ਾਂ ਖਰੀਦਣੀਆਂ ਸ਼ੁਰੂ ਕਰ ਦਿੱਤੀਆਂ। ਜਿਹੜੇ ਲੋਕ ਪਿੰਡਾਂ ਵਿਚੋਂ ਚਮੜਾ ਲੈ ਕੇ ਆਉਂਦੇ ਸੀ। ਉਹਨਾਂ ਤੋਂ ਕਿਸੇ ਵੀ ਵਪਾਰੀ ਨੇ ਚਮੜਾ ਨਾ ਖਰੀਦਿਆ ਤੇ ਉਹ ਲੋਕ ਬੇਰੁਜ਼ਗਾਰ ਹੋ ਗਏ ਤੇ ਹੌਲੀ-ਹੌਲੀ ਕਰਕੇ ਇਹ ਕੰਮ ਘੱਟਦਾ ਗਿਆ।
ਨਵੀਂ ਤਕਨੀਕ ਬੈੱਟ ਬਲੂ ਨੇ ਕੰਮ ਕੀਤਾ ਪ੍ਰਭਾਵਿਤ
ਦਲਿਤ ਪਰਿਵਾਰਾਂ ਤੋਂ ਇਲਾਵਾ ਚਮੜੇ ਦਾ ਕੰਮ ਹੋਰ ਕਾਸਟਾਂ ਦੇ ਲੋਕਾਂ ਨੇ ਵੀ ਕਰਨਾ ਸ਼ੁਰੂ ਕਰ ਦਿੱਤਾ। ਇਹਨਾਂ ਲੋਕਾਂ ਨੇ ਬੈੱਟ ਬਲੂ ਤਕਨੀਕ ਨਾਲ ਚਮੜੇ ਰੰਗਣ ਦਾ ਕੰਮ ਕਰਨਾ ਸ਼ੁਰੂ ਕੀਤਾ ਅਤੇ ਜਿਹੜੇ ਦਲਿਤ ਲੋਕ ਹੱਥਾਂ ਨਾਲ ਕੰਮ ਚਮੜਾ ਰੰਗਣ ਦਾ ਕੰਮ ਕਰਦੇ ਸੀ ਉਹ ਇਹਨਾਂ ਲੋਕਾਂ ਦੀਆਂ ਫੈਕਟਰੀਆਂ ਵਿਚ ਬੈੱਟ ਬਲੂ ਤਕਨੀਕ ਨਾਲ ਕੰਮ ਕਰਨ ਲੱਗੇ।ਇਸ ਤਕਨੀਕ ਵਿਚ ਅਨੇਕਾਂ ਤਰ੍ਹਾਂ ਦੇ ਕੈਮੀਕਲ ਵਰਤੇ ਜਾਣ ਲੱਗੇ ਜਿਸ ਤੋਂ ਸ਼ਹਿਰ ਵਾਸੀਆਂ ਨੂੰ ਮੁਸ਼ਕਲ ਆਉਣ ਲੱਗੀ ਤਾਂ ਪ੍ਰਦੂਸ਼ਣ ਵਿਭਾਗ ਨੇ ਹੌਲੀ-ਹੌਲੀ ਇਸ ਕੰਮ ਨੂੰ ਬੰਦ ਕਰਨ ਲਈ ਕਹਿ ਦਿੱਤਾ।
ਕੋਰੋਨਾ ਦੀ ਮਾਰ ਨਾਲ ਲੈਦਰ ਕੰਪਲੈਕਸ ਦਾ ਹੋਇਆ ਮਾੜਾ ਹਾਲ : ਪ੍ਰਵੀਨ ਕੁਮਾਰ
ਲੈਂਦਰ ਕੰਪਲੈਕਸ ਦੇ ਪ੍ਰਧਾਨ ਪ੍ਰਵੀਨ ਕੁਮਾਰ ਨੇ ਦੱਸਿਆ ਕਿ ਸਾਡਾ ਕੰਮ ਤਾਂ ਪਹਿਲਾਂ ਹੀ ਔਖਾ ਹੋ ਗਿਆ ਸੀ 29 ਅਕਤੂਬਰ 2019 ਤੋਂ ਸਾਡੇ ਕਾਰੋਬਾਰ ਬੰਦ ਹੋਣ-ਹੋਣ ਕਰਦਾ ਹੈ ਪਰ ਹੁਣ ਕੋਰੋਨਾ ਵਾਇਰਸ ਨਾਲ ਲੱਗੇ ਲੌਕਡਾਊਨ ਕਰਕੇ ਇਸ ਕਪਲੈਕਸ ਦੇ ਬਹੁਤ ਮਾੜੇ ਹਾਲ ਹੋਣ ਵਾਲੇ ਹਨ ਉਹਨਾਂ ਹੀ ਵੀ ਕਿਹਾ ਸ਼ਾਇਦ ਹੁਣ ਸਾਡੇ ਲਈ ਉੱਠਣਾ ਮੁਸ਼ਕਲ ਹੋ ਜਾਵੇਗਾ ਕਿਉਂਕਿ ਸਾਰੀਆਂ ਟੈਨਰੀਨ ਬੰਦ ਹੋ ਚੁੱਕੀਆਂ ਹਨ।
ਚਮੜੇ ਦਾ ਕੰਮ ਪੂਰੀ ਤਰ੍ਹਾਂ ਬੰਦ ਹੋ ਚੁੱਕਾ ਹੈ : ਸੇਠ ਸੱਤਪਾਲ ਮੱਲ
ਸੇਠ ਸੱਤਪਾਲ ਨੇ ਕਿਹਾ ਕਿ ਅੱਜਕੱਲ੍ਹ ਚਮੜੇ ਦਾ ਕੰਮ ਬੰਦ ਹੋ ਚੁੱਕਿਆ ਹੈ। ਕੋਰੋਨਾ ਦੇ ਸੰਕਟ ਕਰਕੇ ਤਾਂ ਪੂਰੀ ਤਰ੍ਹਾਂ ਬੇੜਾ ਗਰਕ ਹੋ ਜਾਣਾ ਹੈ। ਉਹਨਾਂ ਦੱਸਿਆ ਕਿ ਸਰਕਾਰ ਨੇ ਇਸ ਕੰਮ ਨੂੰ ਡਿਵੈਲਪ ਕਰਨ ਲਈ ਟੈਨਰੀਨ ਬਣਾਈਆਂ ਸਨ, ਬਾਅਦ ਵਿਚ ਸਰਕਾਰ ਨੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਤੇ ਕੰਮ ਹੌਲੀ-ਹੌਲੀ ਬੰਦ ਹੋਣਾ ਸ਼ੁਰੂ ਹੋ ਗਿਆ।
ਬੂਟਾ ਮੰਡੀ ‘ਚ 1970 ਦੇ ਆਸ-ਪਾਸ ਸ਼ੁਰੂ ਹੋਇਆ ਸੀ ਚਮੜੇ ਦਾ ਕਾਰੋਬਾਰ : ਭਗਵੰਤ ਰਸੂਲਪੁਰੀ
ਬੂਟਾ ਮੰਡੀ ਦੇ ਚਮੜਾ ਕਾਰੋਬਾਰ ‘ਤੇ ਕਹਾਣੀ ਸੰਗ੍ਰਹਿ “ਕੁੰਭੀ ਨਰਕ” ਲਿਖਣ ਵਾਲੇ ਲੇਖਕ ਭਗਵੰਤ ਰਸੂਲਪੁਰੀ ਹੁਰਾਂ ਦੱਸਿਆ ਕਿ 1970 ਦੇ ਆਸ-ਪਾਸ ਜਲੰਧਰ ਦੀ ਬੂਟਾ ਮੰਡੀ ਵਿਚ ਕੱਚੇ ਚਮੜੇ ਨੂੰ ਰੰਗ ਕਰਨ ਦਾ ਕੰਮ ਦਲਿਤ ਸਮਾਜ ਦੇ ਲੋਕ ਕਰਦੇ ਸਨ। ਕੁੰਨ ਵਿਚ ਹੱਥਾਂ ਨਾਲ ਚਮੜਾ ਰੰਗਿਆ ਜਾਂਦਾ ਸੀ। ਜਦੋਂ ਬੂਟਾ ਮੰਡੀ ਪਿੰਡ ਤੋਂ ਸ਼ਹਿਰ ਵਿਚ ਤਬਦੀਲ ਹੋਇਆ ਤਾਂ ਲੋਕਾਂ ਅਤੇ ਪ੍ਰਸ਼ਾਸਨ ਦੀ ਸ਼ਿਕਾਇਤ ਸੀ ਕਿ ਸ਼ਹਿਰ ਵਿਚੋਂ ਬਦਬੂ ਆਉਂਦੀ ਹੈ। ਇਸ ਨੂੰ ਸ਼ਹਿਰ ਤੋਂ ਬਾਹਰ ਕੱਢ ਦਿੱਤਾ ਗਿਆ। ਅੱਜ ਵੀ ਬੂਟਾ ਮੰਡੀ ਵਿਚ ਵਪਾਰੀ ਕੱਚੇ ਚਮੜੇ ਨੂੰ ਵੇਚਣ ਦਾ ਮਾੜਾ ਮੋਟਾ ਕੰਮ ਕਰਦੇ ਹਨ।
ਮੋਦੀ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਹੋਇਆ ਕਾਰੋਬਾਰ ਠੱਪ : ਪ੍ਰਮੋਦ ਮਹੇ
ਪ੍ਰਮੋਦ ਮਹੇ ਨੇ ਕਿਹਾ ਮੈਂ ਬਹੁਤ ਲੰਮਾਂ ਸਮਾਂ ਚਮੜੇ ਦੇ ਕਾਰੋਬਾਰ ਨਾਲ ਜੁੜਿਆ ਰਿਹਾ ਹਾਂ ਪਰ ਮੋਦੀ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਇਹ ਸਾਰਾ ਕਾਰੋਬਾਰ ਬੰਦਾ ਹੋਇਆ ਹੈ। ਸਰਕਾਰ ਨੇ ਕਿਹਾ ਮਰੇ ਪਸ਼ੂਆਂ ਦਾ ਮਾਸ ਨਹੀਂ ਲਾਉਣਾ, ਉਹ ਸਾਡੀ ਗਊਂ ਮਾਤਾ ਹੈ ਪਰ ਇਹ ਗਊਂ ਮਾਤਾਵਾਂ ਜਦੋਂ ਸੜਕ ਉੱਤੇ ਮਰ ਜਾਂਦੀਆਂ ਹਨ ਤਾਂ ਉਹਨਾਂ ਨੂੰ ਚੁੱਕਣ ਵਾਲਾ ਕੋਈ ਨਹੀਂ ਹੈ। ਉਹਨਾਂ ਦੱਸਿਆ ਕਿ ਅੱਧਾ ਬੂਟਾ ਮੰਡੀ ਚਮੜੇ ਦਾ ਕਾਰੋਬਾਰ ਕਰਦਾ ਸੀ ਪਰ ਹੁਣ ਸਾਰੇ ਬੇਰੁਜ਼ਗਾਰ ਹੋ ਚੁੱਕੇ ਹਨ।
Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਈਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ ‘ਤੇ ਕਲਿੱਕ ਕਰੋ।