ਮੋਗਾ| 2022 ਦੇ ਆਖਰੀ ਦਿਨ ਨਸ਼ੇ ਦੀ ਓਵਰਡੋਜ਼ ਨਾਲ ਥਾਣਾ ਧਰਮਕੋਟ ਅਧੀਨ ਪੈਂਦੇ ਪਿੰਡ ਨੂਰਪੁਰ ਹਕੀਮਾਂ ਦੇ 2 ਚਚੇਰੇ ਭਰਾਵਾਂ ਦੀ ਮੌਤ ਹੋ ਗਈ। ਦੂਜੇ ਪਾਸੇ ਥਾਣਾ ਧਰਮਕੋਟ ਦੀ ਪੁਲਿਸ ਨੇ ਇਸ ਮਾਮਲੇ ਵਿਚ 4 ਵਿਰੁੱਧ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਬਲਕਾਰ ਸਿੰਘ ਪੁੱਤਰ ਚੰਨਣ ਸਿੰਘ ਨਿਵਾਸੀ ਝਤਰਾ ਨੇ ਦੱਸਿਆ ਕਿ ਉਸ ਦਾ ਲੜਕਾ ਰਾਜੂ ਸਿੰਘ (24) ਅਤੇ ਉਸ ਦਾ ਭਤੀਜਾ ਰਿੰਕੂ ਪੁੱਤਰ ਮੱਖਣ ਸਿੰਘ ਜੋ ਕਥਿਤ ਤੌਰ ’ਤੇ ਪਿਛਲੇ ਕਾਫੀ ਸਮੇਂ ਤੋਂ ‘ਚਿੱਟੇ’ ਨਸ਼ੇ ਦੇ ਆਦੀ ਸਨ ਅਤੇ ਪਿੰਡ ਕਾਲਾ ਜ਼ਿਲਾ ਤਰਨਤਾਰਨ ਵਿਖੇ ਕਰਮਜੀਤ ਸਿੰਘ ਵਾਸੀ ਨੂਰਪੁਰ ਹਕੀਮਾਂ ਨਾਲ ਮਜ਼ਦੂਰੀ ਕਰਦੇ ਸਨ। ਇਸ ਦੌਰਾਨ ਹੀ ਉਹ ਕਥਿਤ ਤੌਰ ’ਤੇ ਪਿੰਡ ਨੂਰਪੁਰ ਹਕੀਮਾਂ ਦੇ ਮੰਗਾ ਸਿੰਘ ਅਤੇ ਅਮਰਜੀਤ ਸਿੰਘ ਤੋਂ ਨਸ਼ਾ ਖਰੀਦਦੇ ਸਨ।
ਉਨ੍ਹਾਂ ਕਿਹਾ ਕਿ ਕਈ ਵਾਰ ਉਨ੍ਹਾਂ ਨੂੰ ਨਸ਼ੇ ਦੀ ਸਪਲਾਈ ਨਾ ਕਰਨ ਲਈ ਵੀ ਕਿਹਾ ਗਿਆ ਸੀ ਪਰ ਫ਼ਿਰ ਵੀ ਉਹ ਨਸ਼ਾ ਵੇਚਦੇ ਰਹੇ। ਲੰਘੀ ਰਾਤ ਰਾਜੂ ਅਤੇ ਰਿੰਕੂ ਦੋਵਾਂ ਨੇ ਨਸ਼ੇ ਦੇ ਟੀਕੇ ਲਗਾ ਲਏ ਅਤੇ ਉਹ ਕਰਮਜੀਤ ਸਿੰਘ ਦੇ ਘਰ ਹੀ ਰਹਿ ਪਏ। ਇਸ ਮਗਰੋਂ ਜਦੋਂ ਤੜਕਸਾਰ ਦੇਖਿਆ ਤਾਂ ਦੋਵਾਂ ਦੀ ਨਸ਼ੇ ਦੀ ਓਵਰਡੋਜ਼ ਕਰ ਕੇ ਮੌਤ ਹੋ ਚੁੱਕੀ ਸੀ। ਦੂਜੇ ਪਾਸੇ ਥਾਣਾ ਧਰਮਕੋਟ ਦੇ ਸਹਾਇਕ ਥਾਣੇਦਾਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਬਲਕਾਰ ਸਿੰਘ ਦੇ ਬਿਆਨਾਂ ’ਤੇ ਮੰਗਾ ਸਿੰਘ ਪੁੱਤਰ ਜੋਗਿੰਦਰ ਸਿੰਘ, ਅਮਰਜੀਤ ਸਿੰਘ ਅੰਬੂ ਪੁੱਤਰ ਪੱਪੂ ਸਿੰਘ ਨੂਰਪੁਰ ਹਕੀਮਾਂ ਅਤੇ 2 ਅਣਪਛਾਤਿਆਂ ਵਿਰੁੱਧ ਮਾਮਲਾ ਦਰਜ ਕੀਤਾ ਹੈ।