ਜਾਇਦਾਦ ਖਾਤਿਰ ਪੁੱਤ ਨੇ ਕੀਤਾ 92 ਸਾਲ ਦੇ ਪਿਓ ਦਾ ਕਤਲ, ਚੋਰੀ-ਚੋਰੀ ਕੀਤਾ ਸਸਕਾਰ

0
2611

ਫਰੀਦਕੋਟ | ਇਥੋਂ ਦੇ ਕੋਟਕਪੂਰਾ ਦੇ ਪਿੰਡ ਜੀਵਨਵਾਲਾ ਵਿਚ 92 ਸਾਲਾ ਪਿਤਾ ਦਾ ਕਤਲ ਕਰਕੇ ਉਸ ਦਾ ਚੋਰੀ ਨਾਲ ਸਸਕਾਰ ਕਰਨ ਦੀ ਘਟਨਾ ਸਾਹਮਣੇ ਆਈ ਹੈ। ਪੁਲਸ ਨੇ ਮ੍ਰਿਤਕ ਦੀ ਵਿਆਹੁਤਾ ਲੜਕੀ ਨਿਰਮਲ ਕੌਰ ਦੇ ਬਿਆਨਾਂ ’ਤੇ ਉਸ ਦੇ ਭਰਾ ਲਖਵੀਰ ਸਿੰਘ ਖ਼ਿਲਾਫ਼ ਕਤਲ ਅਤੇ ਲਾਸ਼ ਨੂੰ ਖੁਰਦ-ਬੁਰਦ ਕਰਨ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ।

ਮੋਗਾ ਦੇ ਪਿੰਡ ਡੇਮਰੂ ਕਲਾਂ ਦੀ ਵਸਨੀਕ ਨਿਰਮਲ ਕੌਰ ਨੇ ਦੱਸਿਆ ਕਿ ਉਸ ਦਾ ਪਿਤਾ ਕਿੱਕਰ ਸਿੰਘ ਪਿਛਲੇ ਕਾਫੀ ਸਮੇਂ ਤੋਂ ਆਪਣੇ ਭਰਾ ਲਖਵੀਰ ਸਿੰਘ ਨਾਲ ਪਿੰਡ ਜੀਵਨਵਾਲਾ ਵਿਚ ਰਹਿ ਰਿਹਾ ਸੀ। 2 ਦਿਨ ਪਹਿਲਾਂ ਜਦੋਂ ਉਹ ਆਪਣੇ ਨਾਨਕੇ ਘਰ ਆਈ ਤਾਂ ਉਸ ਦੇ ਪਿਤਾ ਨੇ ਦੱਸਿਆ ਕਿ ਲਖਵੀਰ ਨੇ ਸਾਰੀ ਜਾਇਦਾਦ ਆਪਣੇ ਨਾਂ ਕਰਵਾ ਲਈ ਹੈ ਅਤੇ ਹੁਣ ਉਹ ਉਸ ਨੂੰ ਮਾਰਨ ਦੀ ਨੀਅਤ ਨਾਲ ਕੁੱਟਮਾਰ ਕਰਦਾ ਹੈ ਅਤੇ ਰੋਟੀ ਵੀ ਨਹੀਂ ਦਿੰਦਾ।

ਇਕ ਦਿਨ ਸਵੇਰੇ ਉਸ ਦੇ ਪਿੰਡ ਤੋਂ ਇਕ ਵਿਅਕਤੀ ਦਾ ਫ਼ੋਨ ਆਇਆ। ਉਸ ਨੇ ਦੱਸਿਆ ਕਿ ਉਸ ਦੇ ਪਿਤਾ ਦੀ ਮੌਤ ਹੋ ਗਈ ਸੀ ਅਤੇ ਅੰਤਿਮ ਸੰਸਕਾਰ ਵੀ ਸਵੇਰੇ ਪੰਜ ਵਜੇ ਕਰ ਦਿੱਤਾ ਗਿਆ ਸੀ। ਪੁਲਿਸ ਨੇ ਮ੍ਰਿਤਕ ਦੀ ਲੜਕੀ ਦੇ ਬਿਆਨਾਂ ’ਤੇ ਉਸ ਦੇ ਭਰਾ ਖ਼ਿਲਾਫ਼ ਕਤਲ ਅਤੇ ਲਾਸ਼ ਨੂੰ ਖੁਰਦ-ਬੁਰਦ ਕਰਨ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।