ਚੰਡੀਗੜ੍ਹ | ਪੰਜਾਬ ‘ਚ ਭਾਜਪਾ ਨੇ ਵੱਡਾ ਦਾਅ ਖੇਡਿਆ ਹੈ। ਕੈਪਟਨ ਅਮਰਿੰਦਰ ਸਿੰਘ, ਸੁਨੀਲ ਜਾਖੜ, ਗੁਰਮੀਤ ਸਿੰਘ ਰਾਣਾ ਸੋਢੀ, ਮਨੋਰੰਜਨ ਕਾਲੀਆ, ਅਮਨਜੋਤ ਕੌਰ ਰਾਮੂਵਾਲੀਆ ਤੇ ਜੈਵੀਰ ਸ਼ੇਰਗਿੱਲ ਨੂੰ ਭਾਜਪਾ ਦੀ ਕੌਮੀ ਕਾਰਜਕਾਰਨੀ ‘ਚ ਸ਼ਾਮਲ ਕੀਤਾ ਗਿਆ ਹੈ।
ਦੱਸਣਯੋਗ ਹੈ ਕਿ ਕਾਂਗਰਸੀ ਆਗੂ ਜੈਵੀਰ ਸ਼ੇਰਗਿੱਲ ਨੇ ਕਾਂਗਰਸ ਪਾਰਟੀ ਦੇ ਕੌਮੀ ਬੁਲਾਰੇ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਭੇਜੇ ਗਏ ਆਪਣੇ ਅਸਤੀਫ਼ੇ ‘ਚ ਸ਼ੇਰਗਿੱਲ ਨੇ ਕਈ ਸਵਾਲ ਵੀ ਖੜ੍ਹੇ ਕੀਤੇ ਸਨ। ਉਨ੍ਹਾਂ ਆਪਣੇ ਅਸਤੀਫ਼ੇ ਵਿਚ ਲਿਖਿਆ ਸੀ ਕਿ ਮੈਨੂੰ ਇਹ ਦੱਸਦੇ ਹੋਏ ਅਫ਼ਸੋਸ ਹੋ ਰਿਹਾ ਹੈ ਕਿ ਫੈਸਲਾ ਲੈਣਾ ਹੁਣ ਜਨਤਾ ਅਤੇ ਦੇਸ਼ ਦੇ ਹਿੱਤ ਵਿਚ ਨਹੀਂ ਹੈ, ਸਗੋਂ ਉਨ੍ਹਾਂ ਲੋਕਾਂ ਦੇ ਸਵਾਰਥੀ ਹਿੱਤਾਂ ਤੋਂ ਪ੍ਰਭਾਵਿਤ ਹੈ, ਜੋ ਚਾਪਲੂਸੀ ‘ਚ ਰੁੱਝੇ ਹੋਏ ਹਨ ਤੇ ਜ਼ਮੀਨੀ ਹਕੀਕਤ ਨੂੰ ਲਗਾਤਾਰ ਨਜ਼ਰਅੰਦਾਜ਼ ਕਰ ਰਹੇ ਹਨ।
ਇਹ ਨਿਯੁਕਤੀਆਂ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਨੇ ਕੀਤੀਆਂ ਹਨ। ਭਾਜਪਾ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸਾਬਕਾ ਸੰਸਦ ਮੈਂਬਰ ਸੁਨੀਲ ਜਾਖੜ ਨੂੰ ਕੌਮੀ ਕਾਰਜਕਾਰਨੀ ਦਾ ਮੈਂਬਰ ਨਿਯੁਕਤ ਕੀਤਾ ਹੈ। ਇਸ ਦੇ ਨਾਲ ਹੀ ਜੈਵੀਰ ਸ਼ੇਰਗਿੱਲ ਨੂੰ ਕੌਮੀ ਬੁਲਾਰੇ ਵਜੋਂ ਨਿਯੁਕਤ ਕੀਤਾ ਹੈ।