ਲੁਧਿਆਣਾ।
ਗੁਰਾਇਆ-ਫਗਵਾੜਾ ਹੱਦ ਉਤੇ ਚਾਚੋਕੀ ਵਿਚ ਇਕ ਸੜਕ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਜਦੋਂ ਕਿ ਲੜਕੀ ਗੰਭੀਰ ਜ਼ਖਮੀ ਹੋ ਗਈ। ਦੋਵੇਂ ਆਪਸ ਵਿਚ ਚਾਚਾ-ਭਤੀਜੀ ਹਨ ਤੇ ਮੋਟਰਸਾਈਕਲ ਉਤੇ ਲੁਧਿਆਣਾ ਨੂੰ ਜਾ ਰਹੇ ਸਨ। ਚਾਚੋਕੀਨਵ ਨਹਿਰ ਦੇ ਕੋਲ ਕਿਸੇ ਅਣਪਛਾਤੇ ਵਾਹਨ ਨੇ ਉਨ੍ਹਾਂ ਨੂੰ ਸਾਈਡ ਮਾਰ ਦਿੱਤੀ, ਜਿਸ ਨਾਲ ਉਹ ਪੱਕੀ ਸੜਕ ਉਤੇ ਡਿਗ ਪਏ। ਹਾਦਸੇ ਵਿਚ ਬਾਈਕ ਚਲਾ ਰਹੇ ਵਿਅਕਤੀ ਦੀ ਮੌਕੇ ਉਤੇ ਹੀ ਮੌਤ ਹੋ ਗਈ।
ਚਾਚੋਕੀ ਨਹਿਰ ਦੇ ਕੋਲ ਸੱਗੂ ਆਟੋ ਮੋਬਾਈਲ ਵਰਕਸ਼ਾਪ ਦੇ ਮਾਲਕ ਨੇ ਦੱਸਿਆ ਕਿ ਇਕ ਵਿਅਕਤੀ ਜਿਸਦੇ ਨਾਲ ਬੁਲੇਟ ਮੋਟਰਸਾਈਕਲ ਉਤੇ ਇਕ ਲੜਕੀ ਸਵਾਰ ਸੀ, ਇਹ ਲੁਧਿਆਣਾ ਵੱਲ ਨੂੰ ਜਾ ਰਹੇ ਸਨ। ਉਹ ਸਾਰੇ ਵਰਕਸ਼ਾਪ ਵਿਚ ਕੰਮ ਕਰ ਰਹੇ ਸਨ ਕਿ ਅਚਾਨਕ ਉਨ੍ਹਾਂ ਨੇ ਰੌਲਾ ਪੈਂਦਾ ਸੁਣਿਆ। ਜਦੋਂ ਉਨ੍ਹਾਂ ਨੇ ਦੇਖਿਆ ਤਾਂ ਇਕ ਲੜਕਾ ਤੇ ਲੜਕੀ ਸੜਕ ਉਤੇ ਖੂਨ ਨਾਲ ਲੱਥਪਥ ਪਏ ਸਨ।
ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਨੇ ਕੋਲ ਜਾ ਕੇ ਦੇਖਿਆ ਤਾਂ ਲੜਕੇ ਦਾ ਸਿਰ ਫਟ ਗਿਆ ਸੀ ਤੇ ਕੰਨ ਤੇ ਮੂੰਹ ਵਿਚੋਂ ਖੂਨ ਨਿਕਲ ਰਿਹਾ ਸੀ। ਜਦੋਂਕਿ ਲੜਕੀ ਬੇਹੋਸ਼ ਪਈ ਸੀ। ਫਿਰ ਉਨ੍ਹਾਂ ਨੇ ਵਰਕਸ਼ਾਪ ਵਿਚ ਖੜ੍ਹੀ ਆਪਣੀ ਗੱਡੀ ਨਾਲ ਦੋਵਾਂ ਨੂੰ ਫਗਵਾੜੇ ਹਸਪਤਾਲ ਪਹੁੰਚਾਇਆ ਤੇ ਨਾਲ ਹੀ ਪੁਲਿਸ ਨੂੰ ਵੀ ਸੂਚਿਤ ਕੀਤਾ। ਹਸਪਤਾਲ ਪਹੁੰਚਦੇ ਹੀ ਡਾਕਟਰਾਂ ਨੇ ਲੜਕੇ ਨੂੰ ਮ੍ਰਿਤਕ ਨੂੰ ਐਲਾਨ ਦਿੱਤਾ ਜਦੋਂਕਿ ਲੜਕੀ ਨੂੰ ਹਸਪਤਾਲ ਵਿਚ ਭਰਤੀ ਕਰ ਲਿਆ।