ਸਿੱਧੂ ਮੂਸੇਵਾਲਾ ਕਤਲਕਾਂਡ : ਸਾਹਮਣੇ ਆਇਆ ਇਕ ਹੋਰ ਗੈਂਗਸਟਰ ਦਾ ਨਾਂ, ਮਨੀ ਰਈਆ ਤੇ ਮਨਦੀਪ ਤੂਫਾਨ ਨੇ ਕੀਤੇ ਕਈ ਖੁਲਾਸੇ

0
554

ਲੁਧਿਆਣਾ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਵਿਚ ਲੁਧਿਆਣਾ ਪੁਲਿਸ ਨੇ ਗੈਂਗਸਟਰ ਮਨਦੀਪ ਤੂਫਾਨ ਤੇ ਮਨੀ ਰਈਆ ਦਾ 5 ਦਿਨ ਦਾ ਰਿਮਾਂਡ ਹਾਸਲ ਕੀਤਾ ਹੈ। ਰਿਮਾਂਡ ਦੌਰਾਨ ਗੈਂਗਸਟਰਾਂ ਨੇ ਵਿਦੇਸ਼ ਵਿਚ ਬੈਠੇ ਗੈਂਗਸਟਰ ਗੋਲਡੀ ਬਰਾੜ ਦੇ ਸਾਥੀ ਦਰਮਨਜੋਤ ਸਿੰਘ ਕਾਹਲੋਂ ਦਾ ਨਾਂ ਲਿਆ ਹੈ। ਲੁਧਿਆਣਾ ਪੁਲਿਸ ਨੇ ਮੂਸੇਵਾਲਾ ਕਤਲਕਾਂਡ ਵਿਚ ਹਥਿਆਰਾਂ ਦੀ ਸਪਲਾਈ ਦੇ ਮਾਮਲੇ ਵਿਚ ਵਿਦੇਸ਼ ਬੈਠੇ ਗੈਂਗਸਟਰ ਦਰਮਨ ਕਾਹਲੋਂ ਨੂੰ ਨਾਮਜ਼ਦ ਕੀਤਾ ਹੈ।

ਮਿਲੀ ਜਾਣਕਾਰੀ ਅਨੁਸਾਰ ਗੈਂਗਸਟਰਾਂ ਨੇ ਪੁਲਿਸ ਨੂੰ ਦੱਸਿਆ ਕਿ ਦਰਮਨ ਕਾਹਲੋਂ ਨੇ ਉਨ੍ਹਾਂ ਨੂੰ ਸਤਬੀਰ ਨੂੰ ਮਿਲਣ ਲਈ ਕਿਹਾ ਸੀ, ਜੋ ਉਨ੍ਹਾਂ ਨੂੰ ਆਪਣੀ ਕਾਰ ਵਿਚ ਮਾਨਸਾ ਪਹੁੰਚਾਏਗਾ। ਖ਼ਬਰਾਂ ਅਨੁਸਾਰ ਦਰਮਨ ਨੇ ਗੈਂਗਸਟਰਾਂ ਨੂੰ ਦੋ ਕੰਮ ਦਿੱਤੇ ਸਨ- ਇਕ ਕੰਮ ਹਵਾਲਾ ਰਾਸ਼ੀ ਪਹੁੰਚਾਉਣ ਦਾ ਸੀ ਅਤੇ ਦੂਜਾ ਕੰਮ ਮੂਸੇਵਾਲਾ ਦੇ ਕਤਲ ਦਾ ਸੀ। ਦੱਸਿਆ ਜਾ ਰਿਹਾ ਹੈ ਕਿ ਕਾਹਲੋਂ ਅਮਰੀਕਾ ਵਿਚ ਲੁਕਿਆ ਹੋਇਆ ਹੈ। ਉਸ ਨੂੰ ਮੂਸੇਵਾਲਾ ਦੇ ਕਤਲ ਵਿਚ ਸ਼ਾਮਲ ਸ਼ੂਟਰਾਂ ਨੂੰ ਹਥਿਆਰ ਸਪਲਾਈ ਕਰਨ ਲਈ ਨਾਮਜ਼ਦ ਕੀਤਾ ਗਿਆ ਹੈ।

ਕਤਲੇ ਕਾਂਡ ਵਿਚ ਹਥਿਆਰ ਸਪਲਾਈ ਕਰਨ ਜਾ ਰਹੀ ਫਾਰਚੂਨਰ ਕਾਰ ਵਿਚ ਸਵਾਰ ਮਨੀ ਰਈਆ ਅਤੇ ਮਨਦੀਪ ਤੂਫਾਨ ਦੀ ਪਹਿਲਾਂ ਹੀ ਪਛਾਣ ਹੋ ਚੁੱਕੀ ਸੀ। ਤੀਜੇ ਮੁਲਜ਼ਮ ਦੀ ਪਛਾਣ ਬਾਅਦ ਵਿਚ ਹੋਈ ਸੀ। ਤੀਸਰਾ ਮੁਲਜ਼ਮ ਬਟਾਲਾ ਦਾ ਗੁਰਮੀਤ ਹੈ, ਜਿਸ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਹਨਾਂ ਸਾਰੇ ਮੁਲਜ਼ਮਾਂ ਨੇ ਮੂਸੇਵਾਲਾ ਕਤਲ ਕਾਂਡ ਵਿਚ ਰੇਕੀ ਕੀਤੀ ਸੀ। ਮੁਲਜ਼ਮਾਂ ਨੇ ਫਾਰਚੂਨਰ ਕਾਰ ਵਿਚ ਪੁਲਿਸ ਦੀ ਵਰਦੀ ਰੱਖੀ ਹੋਈ ਸੀ ਅਤੇ ਪੁਲਿਸ ਮੁਲਾਜ਼ਮ ਦੱਸ ਕੇ ਮੂਸੇਵਾਲਾ ਦੇ ਘਰ ਫਰਜ਼ੀ ਮੁਕਾਬਲਾ ਕਰਨ ਦੀ ਯੋਜਨਾ ਬਣਾਈ ਸੀ। ਮੂਸੇਵਾਲਾ ਕੋਲ ਸੁਰੱਖਿਆ ਮੁਲਾਜ਼ਮ ਸਨ, ਜਿਸ ਕਾਰਨ ਗੈਂਗਸਟਰਾਂ ਨੇ ਮੌਕੇ ‘ਤੇ ਹੀ ਪਲਾਨ ਬਦਲ ਦਿੱਤਾ।