ਖਨੌਰੀ ਬਾਰਡਰ ‘ਤੇ ਸਲਫਾਸ ਨਿਗਲਣ ਵਾਲੇ ਕਿਸਾਨ ਦੀ ਹਸਪਤਾਲ ‘ਚ ਇਲਾਜ ਦੌਰਾਨ ਮੌਤ

0
1654

ਪਟਿਆਲਾ, 18 ਦਸੰਬਰ | ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) ਦੀ ਕਾਨੂੰਨੀ ਗਾਰੰਟੀ ਸਮੇਤ 13 ਮੰਗਾਂ ਨੂੰ ਲੈ ਕੇ ਸ਼ੰਭੂ ਸਰਹੱਦ ‘ਤੇ ਚੱਲ ਰਹੇ ਸੰਘਰਸ਼ ਦੌਰਾਨ ਸਲਫਾਸ ਨਿਗਲਣ ਵਾਲੇ ਵਿਅਕਤੀ ਦੀ ਮੌਤ ਹੋ ਗਈ। ਕਰੀਬ 3 ਦਿਨਾਂ ਦੇ ਇਲਾਜ ਤੋਂ ਬਾਅਦ ਅੱਜ ਸਵੇਰੇ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿਚ ਉਸ ਦੀ ਮੌਤ ਹੋ ਗਈ।

ਸਲਫਾਸ ਨਿਗਲਣ ਵਾਲੇ ਵਿਅਕਤੀ ਦਾ ਨਾਂ ਰਣਜੋਧ ਸਿੰਘ ਸੀ। ਉਹ ਖੰਨਾ ਦੇ ਪਿੰਡ ਰਤਨਹੇੜੀ ਦਾ ਰਹਿਣ ਵਾਲਾ ਸੀ। 14 ਦਸੰਬਰ ਨੂੰ ਕਿਸਾਨਾਂ ਦੇ ਦਿੱਲੀ ਵੱਲ ਮਾਰਚ ਕਰਨ ਦੀ ਕੋਸ਼ਿਸ਼ ਦੌਰਾਨ ਉਸ ਨੇ ਸ਼ੰਭੂ ਸਰਹੱਦ ‘ਤੇ ਸਲਫਾਸ ਨਿਗਲ ਲਿਆ ਸੀ। ਇਸ ਤੋਂ ਬਾਅਦ ਉਸ ਨੂੰ ਗੰਭੀਰ ਹਾਲਤ ‘ਚ ਹਸਪਤਾਲ ‘ਚ ਭਰਤੀ ਕਰਵਾਇਆ ਗਿਆ।

ਉਸ ਦੀ ਮੌਤ ਤੋਂ ਬਾਅਦ ਕਿਸਾਨਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਕਿਸਾਨਾਂ ਦੀ ਗੱਲ ਨਹੀਂ ਸੁਣ ਰਹੀ। ਇਸ ਨਾਲ ਉਹ ਕਾਫੀ ਦੁਖੀ ਸੀ। ਜਿਵੇਂ ਹੀ ਕਿਸਾਨ ਦੀ ਮੌਤ ਦੀ ਖ਼ਬਰ ਸਾਹਮਣੇ ਆਈ। ਉਸ ਤੋਂ ਬਾਅਦ ਇਸ ਮੁੱਦੇ ਨੂੰ ਲੈ ਕੇ ਕਿਸਾਨਾਂ ਦੀ ਅਹਿਮ ਮੀਟਿੰਗ ਹੋ ਰਹੀ ਹੈ। ਇਸ ਵਿਚ ਮ੍ਰਿਤਕ ਦੇ ਅੰਤਿਮ ਸੰਸਕਾਰ ਆਦਿ ਸਬੰਧੀ ਫੈਸਲਾ ਲਿਆ ਜਾਣਾ ਹੈ। ਉਂਝ ਸਾਰੇ ਵੱਡੇ ਕਿਸਾਨ ਆਗੂ ਰੇਲ ਰੋਕੋ ਅੰਦੋਲਨ ਵਿਚ ਸ਼ਾਮਲ ਹੋਣ ਲਈ ਆਪੋ ਆਪਣੇ ਇਲਾਕਿਆਂ ਵਿਚ ਚਲੇ ਗਏ ਹਨ।

ਕਿਸਾਨਾਂ ਅਨੁਸਾਰ ਰਣਜੋਧ ਸਿੰਘ ਕਿਸਾਨ ਲਹਿਰ ਨਾਲ ਜੁੜੇ ਹੋਏ ਸਨ। ਉਹ ਆਪਣੇ ਪਿੱਛੇ ਪਤਨੀ ਕੁਲਦੀਪ ਕੌਰ, ਇੱਕ ਬੇਟਾ ਤੇ ਬੇਟੀ ਅਤੇ ਬਜ਼ੁਰਗ ਰਿਸ਼ਤੇਦਾਰ ਛੱਡ ਗਿਆ ਹੈ। ਧੀ ਵਿਆਹੀ ਹੋਈ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਉਹ ਲੰਬੇ ਸਮੇਂ ਤੋਂ ਅੰਦੋਲਨ ਵਿਚ ਆ ਰਹੇ ਹਨ।