ਸਕੂਲਾਂ ‘ਚ ਪ੍ਰੀਖਿਆਵਾਂ ਸਬੰਧੀ ਸਿੱਖਿਆ ਵਿਭਾਗ ਨੇ ਜਾਰੀ ਕੀਤੀਆਂ ਹਦਾਇਤਾਂ

0
1040

ਚੰਡੀਗੜ੍ਹ | ਪੰਜਾਬ ਦੇ ਸਰਕਾਰੀ ਸਕੂਲਾਂ ‘ਚ ਬਾਇਮੰਥਲੀ ਪ੍ਰੀਖਿਆਵਾਂ ਬਾਰੇ ਬੋਰਡ ਵਲੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਦੱਸ ਦਈਏ ਸੂਬੇ ‘ਚ ਸਰਕਾਰੀ ਸਕੂਲਾਂ ‘ਚ ਇਸੇ ਮਹੀਨੇ ਤੋਂ ਬਾਇਮੰਥਲੀ ਪ੍ਰੀਖਿਆਵਾਂ ਸ਼ੁਰੂ ਹੋਣ ਜਾ ਰਹੀਆਂ ਹਨ। ਸਿੱਖਿਆ ਵਿਭਾਗ ਨੇ ਪ੍ਰੀਖਿਆਵਾਂ ਸਬੰਧੀ ਜ਼ਿਲ੍ਹਾ ਸਿੱਖਿਆ ਅਧਿਕਾਰੀ ਸੈਕੰਡਰੀ, ਸਕੂਲ ਮੁਖੀਆਂ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਜਾਰੀ ਹਦਾਇਤਾਂ ਮੁਤਾਬਕ ਸਾਰੇ ਸਕੂਲਾਂ ‘ਚ ਸੁਚਾਰੂ ਢੰਗ ਨਾਲ ਛੇਵੀਂ ਤੋਂ 12ਵੀਂ ਤਕ ਦੀਆਂ ਜਮਾਤਾਂ ਦੀਆਂ ਪ੍ਰੀਖਿਆਵਾਂ ਹੋਣਗੀਆਂ।

ਹਰੇਕ ਜਮਾਤ ਦੀ ਡੇਟਸ਼ੀਟ ਸਟ੍ਰੀਮ ਮੁਤਾਬਕ ਸਕੂਲ ਮੁਖੀਆਂ ਵੱਲੋਂ ਆਪਣੇ ਪੱਧਰ ‘ਤੇ ਤਿਆਰ ਕੀਤੀ ਜਾਵੇਗੀ ਪਰ ਸਕੂਲਾਂ ਨੂੰ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਪ੍ਰੀਖਿਆਵਾਂ 26 ਨਵੰਬਰ ਤੋਂ 9 ਦਸੰਬਰ ਵਿਚਕਾਰ ਕਰਵਾ ਲਈਆਂ ਜਾਣ। ਆਫਲਾਈਨ ਪ੍ਰੀਖਿਆਵਾਂ ਲਈ ਸਕੂਲ ਮੁਖੀਆਂ ਦੀ ਵੀ ਜ਼ਿੰਮੇਵਾਰੀ ਹੋਵੇਗੀ ਕਿ ਉਹ ਵਿਦਿਆਰਥੀਆਂ ਦੀ ਮੌਜੂਦਗੀ ਤੇ ਰਵੀਜ਼ਨ ਕਰਵਾਉਣਾ ਯਕੀਨੀ ਬਣਾਉਣ।

ਇਸ ਦੇ ਨਾਲ ਹੀ ਬਾਇਮੰਥਲੀ ਪ੍ਰੀਖਿਆਵਾਂ ਤਿੰਨ ਮਹੀਨਿਆਂ ਦੇ ਸਿਲੇਬਸ ਤੋਂ ਲਈਆਂ ਜਾਣਗੀਆਂ ਜੋ ਸਤੰਬਰ ਮਹੀਨੇ ਤੋਂ ਨਵੰਬਰ ਮਹੀਨੇ ਤੱਕ ਰਹਿਣਗੀਆਂ। ਪ੍ਰੀਖਿਆ ਨਾਲ ਸਬੰਧਤ ਜੋ ਵੀ ਪ੍ਰਸ਼ਨ ਪੱਤਰ ਤਿਆਰ ਕੀਤੇ ਜਾਣਗੇ, ਉਹ ਸਕੂਲ ਦੇ ਸਬੰਧਤ ਵਿਸ਼ੇ ਦੇ ਅਧਿਆਪਕਾਂ ਨੂੰ ਹੀ ਤਿਆਰ ਕਰਨ ਲਈ ਕਿਹਾ ਗਿਆ ਹੈ।

ਇਸ ਦੇ ਨਾਲ ਹੀ ਇਹ ਵੀ ਹਦਾਇਤਾਂ ‘ਚ ਕਿਹਾ ਗਿਆ ਹੈ ਕਿ ਬਾਇਮੰਥਲੀ ਪ੍ਰੀਖਿਆਵਾਂ ਲਈ ਤਿਆਰ ਕੀਤੇ ਜਾਣ ਵਾਲੇ ਪ੍ਰਸ਼ਨ ਪੱਤਰ ਸਾਰੀਆਂ ਜਮਾਤਾਂ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਹਦਾਇਤਾਂ ਮੁਤਾਬਕ ਹੋਣਗੇ, ਜਿਸ ‘ਚ ਪ੍ਰਸ਼ਨ ਪੱਤਰ ਨਿਰਧਾਰਤ ਪੂਰੇ 50 ਪ੍ਰਤੀਸ਼ਤ ਅੰਕਾਂ ਦਾ ਤਿਆਰ ਕਰਨ ਲਈ ਕਿਹਾ ਗਿਆ ਹੈ। ਇਸ ਵਿਚ 40 ਪ੍ਰਤੀਸ਼ਤ ਪ੍ਰਸ਼ਨ ਲਰਨਿੰਗ ਦੇ ਨਤੀਜੇ ‘ਤੇ ਆਧਾਰਤ ਹੋਣਗੇ ਤੇ 60 ਪ੍ਰਤੀਸ਼ਤ ਅੰਕ ਪਾਠ ਪੁਸਤਕ ਅਧਾਰਤ ਹੋਣਗੇ।