ਫਾਜ਼ਿਲਕਾ/ਜਲਾਲਾਬਾਦ | ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸੱਤਾਂ ’ਚ ਆਉਣ ਤੋਂ ਬਾਅਦ ਕਾਨੂੰਨੀ ਵਿਵਸਥਾ ਪੂਰੀ ਤਰ੍ਹਾਂ ਨਾਲ ਡੱਗਮਗਾ ਚੁੱਕੀ ਹੈ ਅਤੇ ਪੰਜਾਬ ’ਚ ਹਰ ਰੋਜ਼ ਲੜਕੀਆਂ ਦੇ ਨਾਲ ਜ਼ਬਰ ਜਨਾਹ ਦੀਆਂ ਘਟਨਾਵਾਂ ਖ਼ਬਰਾਂ ਦੀਆਂਂ ਸੁਰਖੀਆਂ ਬਣਦੀਆਂ ਰਹਿੰਦੀਆਂ ਹਨ ਅਤੇ ਸਰਕਾਰ ਔਰਤਾਂ ਤੇ ਲੜਕੀਆਂ ਦੀ ਸੁਰੱਖਿਆ ਕਰਨ ਵਿੱਚ ਫ਼ੇਲ ਸਾਬਤ ਹੋ ਰਹੀ ਹੈ। ਇਸ ਤਰ੍ਹਾਂ ਦੀ ਇੱਕ ਦਿਲ ਝੰਜੋੜ ਦੇ ਰੱਖਣ ਵਾਲੀ ਇੱਕ ਘਟਨਾ ਥਾਣਾ ਸਦਰ ਜਲਾਲਾਬਾਦ ਦੇ ਅਧੀਨ ਪੈਂਦੀ ਚੌਕੀ ਘੁਬਾਇਆ ਦੇ ਨਾਲ ਲੱਗਦੇ ਪਿੰਡ ਤੋਂ ਸਾਹਮਣੇ ਆਈ, ਜਿੱਥੇ ਕਿ ਇੱਕ ਪੁਲਸ ਮੁਲਾਜ਼ਮ ਦੇ ਘਰ ’ਚ ਕੰਮ ਕਰਦੀ ਨਾਬਾਲਿਗ ਲੜਕੀ ਦੇ ਨਾਲ ਪੁਲਸ ਮੁਲਾਜ਼ਮ ਦੀ ਘਰਵਾਲੀ ਦੇ ਰਿਸ਼ਤੇਦਾਰ ਲੜਕੇ ਵੱਲੋਂ ਨਾਬਾਲਗ ਲੜਕੀ ਦੀ ਇੱਜਤ ਨੂੰ ਤਾਰ-ਤਾਰ ਕਰਦੇ ਹੋਏ ਜ਼ਬਰ ਜਨਾਹ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ।
ਪੀੜਤਾ ਨੇ ਦੱਸਿਆ ਕਿ ਜਦੋਂ ਉਹ ਆਪਣੇ ਕੰਮ ਦੇ ਪੈਸੇ ਲੈਣ ਗਈ ਤਾਂ ਪੁਲਸ ਮੁਲਾਜ਼ਮ ਦੀ ਘਰਵਾਲੀ ਨੇ ਕਿਹਾ ਕਿ ਪੈਸੇ ਮੇਰੇ ਰਿਸ਼ਤੇਦਾਰ ਲੜਕੇ ਕੋਲੋਂ ਮਿਲ ਜਾਣਗੇ, ਜਦੋਂ ਮੈਂ ਉਕਤ ਰਿਸ਼ਤੇਦਾਰ ਮੁੰਡੇ ਕੋਲੋਂ ਪੈਸੇ ਮੰਗੇ ਤਾਂ ਉਸ ਨੇ ਮੈਨੂੰ ਗੱਡੀ ‘ਚ ਬਿਠਾ ਲਿਆ ਅਤੇ ਰੁਮਾਲ ਸੁੰਘਾ ਦਿੱਤਾ, ਜਿਸ ਕਾਰਨ ਮੈਂ ਬੇਹੋਸ਼ ਹੋ ਗਈ । ਪੀੜਤਾ ਨੇ ਦੱਸਿਆ ਕਿ ਉਕਤ ਮੁਲਜ਼ਮ ਨਾਲ 2 ਹੋਰ ਮੁੰਡੇ ਸਨ, ਜਿਨ੍ਹਾਂ ਨੇ ਮੂੰਹ ਤੇ ਰੁਮਾਲ ਬਣੇ ਹੋਏ ਸਨ। ਤਿੰਨਾਂ ਮੁਲਜ਼ਮਾਂ ਨੇ ਮੈਨੂੰ ਅੰਮ੍ਰਿਤਸਰ ਲਿਜਾ ਕੇ ਮੇਰੇ ਨਾਲ ਬਲਾਤਕਾਰ ਕੀਤਾ। ਪੀੜਤਾ ਨੇ ਮੰਗ ਕੀਤੀ ਕਿ ਮੈਨੂੰ ਇਨਸਾਫ ਦਿੱਤਾ ਜਾਵੇ ਅਤੇ ਤਿੰਨਾਂ ਮੁਲਜ਼ਮਾਂ ਖਿਲਾਫ ਕੇਸ ਦਰਜ ਕੀਤਾ ਜਾਵੇ, ਜਦਕਿ 2 ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ, ਇਕ ਖਿਲਾਫ ਨਹੀਂ ਕੀਤਾ ਗਿਆ, ਉਸ ਖਿਲਾਫ ਵੀ ਮਾਮਲਾ ਦਰਜ ਕੀਤਾ ਜਾਵੇ।