ਪਰਾਲੀ ਸਾੜਨ ਕਾਰਨ ਪੰਜਾਬ ਦੀ ਹਵਾ ‘ਚ ਘੁਲ ਰਿਹੈ ਜ਼ਹਿਰ ; ‘ਆਪ’ ਦਾ ਦਾਅਵਾ ਪੰਜਾਬ ਦੀ ਆਬੋ ਹਵਾ ਹਰਿਆਣਾ ਨਾਲੋਂ ਬਿਹਤਰ

0
5050

ਜਲੰਧਰ/ਲੁਧਿਆਣਾ/ਅੰਮ੍ਰਿਤਸਰ/ਚੰਡੀਗੜ੍ਹ | ਪਰਾਲੀ ਸਾੜਨ ਕਾਰਨ ਪੰਜਾਬ ਦੀ ਹਵਾ ਵਿੱਚ ਜ਼ਹਿਰ ਘੁਲਦਾ ਜਾ ਰਿਹਾ ਹੈ। ਕਈ ਜ਼ਿਲ੍ਹਿਆਂ ਵਿੱਚ ਪ੍ਰਦੂਸ਼ਣ ਦਾ ਪੱਧਰ ਬਹੁਤ ਖ਼ਰਾਬ (300 AQI) ਤੱਕ ਪਹੁੰਚ ਗਿਆ ਹੈ। ਮੁੱਖ ਮੰਤਰੀ ਮਾਨ ਦੇ ਜ਼ਿਲ੍ਹੇ ਵਿੱਚ ਪਰਾਲੀ ਸਾੜਨ ਦੇ ਮਾਮਲੇ ਵਿੱਚ ਪਿਛਲੇ ਸਾਲ ਦੇ ਮੁਕਾਬਲੇ 20 ਫੀਸਦੀ ਤੋਂ ਵੱਧ ਵਾਧਾ ਹੋਇਆ ਹੈ। ਪੰਜਾਬ ਵਿੱਚ ਸਾਲ 2021 ਦੇ ਮੁਕਾਬਲੇ ਇਸ ਸਾਲ ਹੁਣ ਤੱਕ ਪਰਾਲੀ ਸਾੜਨ ਦੇ 30 ਫੀਸਦੀ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ।

ਲੁਧਿਆਣਾ ਦਾ AQI 299 ਤੱਕ ਪਹੁੰਚ ਗਿਆ ਹੈ, ਜਦਕਿ 300 ਦਾ AQI ਬਹੁਤ ਮਾੜਾ ਸ਼੍ਰੇਣੀਬੱਧ ਕੀਤਾ ਗਿਆ ਹੈ। ਹਵਾ ਜ਼ਹਿਰੀਲੀ ਹੋ ਜਾਂਦੀ ਹੈ ਅਤੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਸਾਹ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਤੋਂ ਇਲਾਵਾ ਮੰਡੀਗੋਬਿੰਦਗੜ੍ਹ ਵਿੱਚ 277, ਅੰਮ੍ਰਿਤਸਰ ਵਿੱਚ 236, ਪਟਿਆਲਾ ਵਿੱਚ 240 ਅਤੇ ਜਲੰਧਰ ਵਿੱਚ 223 ਵਿੱਚ AQI ਦਰਜ ਕੀਤਾ ਗਿਆ ਹੈ। ਇਹ ਸਾਰੇ ਮਾੜੇ ਦੀ ਸ਼੍ਰੇਣੀ ਵਿੱਚ ਆਉਂਦੇ ਹਨ।

ਸ਼ੁੱਕਰਵਾਰ ਨੂੰ ਪੰਜਾਬ ਵਿੱਚ ਪਰਾਲੀ ਸਾੜਨ ਦੇ 2437 ਮਾਮਲੇ ਸਾਹਮਣੇ ਆਏ ਹਨ। ਸੰਗਰੂਰ ਜ਼ਿਲ੍ਹੇ ਵਿੱਚ ਸਭ ਤੋਂ ਵੱਧ 471 ਹਨ, ਜਦਕਿ ਸਭ ਤੋਂ ਘੱਟ ਤਿੰਨ ਕੇਸ ਐਸਏਐਸ ਨਗਰ ਵਿੱਚ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਬਰਨਾਲਾ ਵਿੱਚ 267, ਮੋਗਾ ਵਿੱਚ 204, 242 ਮਾਮਲੇ ਸਾਹਮਣੇ ਆਏ ਹਨ। ਪੰਜਾਬ ਵਿੱਚ ਇਸ ਸੀਜ਼ਨ ਦੌਰਾਨ ਪਰਾਲੀ ਸਾੜਨ ਦੇ ਕੇਸਾਂ ਦੀ ਗਿਣਤੀ ਵਧ ਕੇ 26583 ਹੋ ਗਈ ਹੈ, ਜੋ ਕਿ ਪਿਛਲੇ ਸਾਲ ਇਸ ਸਮੇਂ ਦੌਰਾਨ ਸਾਹਮਣੇ ਆਏ 23465 ਮਾਮਲਿਆਂ ਨਾਲੋਂ ਲਗਭਗ 30 ਫੀਸਦੀ ਵੱਧ ਹੈ। ਹਾਲਾਂਕਿ, ਸ਼ੁੱਕਰਵਾਰ ਨੂੰ ਪੰਜਾਬ ਵਿੱਚ ਪਰਾਲੀ ਸਾੜਨ ਦੇ ਮਾਮਲੇ ਸਾਲ 2020 ਅਤੇ 2021 ਦੇ ਕ੍ਰਮਵਾਰ 4908 ਅਤੇ 3032 ਮਾਮਲਿਆਂ ਦੇ ਮੁਕਾਬਲੇ ਘੱਟ ਸਨ।

ਪੰਜਾਬ ਦੀ ਆਬੋ-ਹਵਾ ਹਰਿਆਣਾ ਨਾਲੋਂ ਬਿਹਤਰ

ਕੇਂਦਰ ਸਰਕਾਰ ਵਲੋਂ ਆਪਣੀਆਂ ਨਾਕਾਮੀਆਂ ਨੂੰ ਛੁਪਾਉਣ ਲਈ ਪੰਜਾਬ ਸਿਰ ਪਰਾਲੀ ਨੂੰ ਜਲਾ ਕੇ ਪ੍ਰਦੂਸ਼ਣ ਫੈਲਾਉਣ ਦੇ ਦੋਸ਼ ਮੜ ਰਹੀ ਹੈ। ਕੈਬਨਿਟ ਮੰਤਰੀਆਂ ਕੁਲਦੀਪ ਸਿੰਘ ਧਾਲੀਵਾਲ ਅਤੇ ਗੁਰਮੀਤ ਸਿੰਘ ਮੀਤ ਹੇਅਰ ਨੇ ਪਰਾਲੀ ਦੇ ਮੁੱਦੇ ‘ਤੇ ਕੇਂਦਰ ਸਰਕਾਰ ਨੂੰ ਆੜੇ ਹੱਥੀ ਲੈਂਦਿਆ ਕਿਹਾ ਕਿ ਗੁਜਰਾਤ ਵਿਚ ਵਾਪਰੀ ਮੰਦਭਾਗੀ ਘਟਨਾ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਕੇਂਦਰ ਸਰਕਾਰ ਪਰਾਲੀ ਨੂੰ ਜਲਾਉਣ ਦੇ ਮੁੱਦੇ ਨੂੰ ਅੱਗੇ ਲਿਆ ਰਹੀ ਹੈ।
ਦੋਵਾਂ ਮੰਤਰੀਆਂ ਨੇ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਵਲੋਂ ਗੁਮਰਾਹਕੁਨ ਪ੍ਰਚਾਰ ਕੀਤਾ ਜਾ ਰਿਹਾ ਹੈ। ਕੇਂਦਰੀ ਪ੍ਰਦੂਸਣ ਕੰਟਰੋਲ ਬੋਰਡ ਦੇ ਅੰਕੜਿਆਂ ਅਨੁਸਾਰ ਪੰਜਾਬ ਦੀ ਆਬੋ ਹਵਾ ਹਰਿਆਣਾ ਨਾਲੋਂ ਬਿਹਤਰ ਹੈ। ਅੱਜ ਤੱਕ ਦੇ ਡਾਟੇ ਅਨੁਸਾਰ ਹਰਿਆਣਾ ਦੇ ਕਈ ਸ਼ਹਿਰ ਭਾਰਤ ਦੇ ਸਭ ਤੋਂ ਵੱਧ ਪ੍ਰਦੂਸ਼ਤ ਸ਼ਹਿਰਾਂ ਦੀ ਸੂਚੀ ਵਿਚ ਪਹਿਲੇ 10 ਸ਼ਹਿਰਾਂ ਵਿਚ ਸ਼ਾਮਿਲ ਹਨ, ਜਿੰਨਾਂ ਵਿਚ ਹਿਸਾਰ, ਫਰੀਦਾਬਾਦ,ਸਿਰਸਾ, ਰੋਹਤਕ, ਸੋਨੀਪਤ ਅਤੇ ਭਿਵਾਨੀ ਆਦਿ ਸ਼ਾਮਿਲ ਹਨ, ਜਦਕਿ ਪੰਜਾਬ ਦਾ ਕੋਈ ਵੀ ਸ਼ਹਿਰ ਇਸ ਲਿਸਟ ਅਨੁਸਾਰ ਪਹਿਲੇ 10 ਵਿਚ ਸ਼ਾਮਿਲ ਨਹੀਂ।ਜਿਸ ਤੋਂ ਸਾਫ ਪਤਾ ਚਲਦਾ ਹੈ ਕਿ ਪੰਜਾਬ ਨਾਲੋ ਹਰਿਆਣਾ ਵਿਚ ਪਰਾਲੀ ਨੂੰ ਅੱਗ ਜਿਆਦਾ ਲਾਈ ਜਾ ਰਹੀ ਹੈ।