ਚੰਡੀਗੜ। ਚੰਡੀਗੜ੍ਹ ਯੂਨੀਵਰਸਿਟੀ ਵੀਡੀਓ ਕਾਂਡ ਵਿੱਚ ਲਗਾਤਾਰ ਵੱਡੇ ਖੁਲਾਸੇ ਹੋ ਰਹੇ ਹਨ। ਇਸ ਮਾਮਲੇ ਦਾ ਮਾਸਟਰਮਾਈਂਡ ਅਰੁਣਾਚਲ ਪ੍ਰਦੇਸ਼ ਤੋਂ ਗ੍ਰਿਫਤਾਰ ਫੌਜ ਦਾ ਜਵਾਨ ਸੰਜੀਵ ਸਿੰਘ ਹੀ ਸੀ। ਮਿਲੀ ਜਾਣਕਾਰੀ ਮੁਤਾਬਕ ਉਹ ਸ਼ਿਮਲਾ ਤੋਂ ਗ੍ਰਿਫਤਾਰ ਕੀਤੇ ਗਏ ਨੌਜਵਾਨ ਰੰਕਜ ਵਰਮਾ ਦੀ ਫੋਟੋ ਲਾ ਕੇ ਇੰਟਰਨੈੱਟ ‘ਤੇ ਆਪਣੀ ਪ੍ਰੋਫਾਈਲ ਬਣਾ ਕੇ ਵੀਡੀਓ ਬਣਾਉਣ ਵਾਲੀ ਵਿਦਿਆਰਥਣ ਨੂੰ ਬਲੈਕਮੇਲ ਕਰ ਰਿਹਾ ਸੀ।
ਦੱਸ ਦੇਈਏ ਕਿ ਦੋਸ਼ੀ ਕੁੜੀ ਸੰਜੀਵ ਸਿੰਘ ਨਾਲ ਰਿਲੇਸ਼ਨਸ਼ਿਪ ਵਿੱਚ ਸੀ। ਉਨ੍ਹਾਂ ਦੀ ਦੋਸਤੀ ਸੋਸ਼ਲ ਮੀਡੀਆ ਤੋਂ ਹੋਈ ਸੀ, ਹਾਲਾਂਕਿ ਪੁਲਿਸ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਰਿਲੇਸ਼ਨਸ਼ਿਪ ਦੌਰਾਨ ਸੰਜੀਵ ਨੇ ਇੱਕ ਹੋਰ ਅਕਾਊਂਟ ਬਣਾ ਕੇ ਉਸ ‘ਤੇ ਰੰਕਜ ਦੀ ਫੋਟੋ ਲਾ ਦਿੱਤੀ ਅਤੇ ਵਿਦਿਆਰਥਣ ਨੂੰ ਬਲੈਕਮੇਲ ਕਰਨ ਲੱਗਾ।
ਸੰਜੀਵ ਸਿੰਘ ਨੇ ਸੋਮਵਾਰ ਨੂੰ ਅਦਾਲਤ ਵਿੱਚ ਉੱਚੀ-ਉੱਚੀ ਕਿਹਾ ਕਿ ਹਿਮਾਚਲ ਪ੍ਰਦੇਸ਼ ਦਾ ਰਹਿਣ ਵਾਲੇ ਰੰਕਜ ਵਰਮਾ ਦਾ ਇਸ ਮਾਮਲੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਉਸੇ ਨੇ ਇੰਟਰਨੈੱਟ ਮੀਡੀਆ ਪ੍ਰੋਫਾਈਲ ਤੋਂ ਰੰਕਜ ਦੀ ਫੋਟੋ ਲਈ ਸੀ ਅਤੇ ਉਸ ਦਾ ਇਸਤੇਮਾਲ ਵਿਦਿਆਰਥਣ ਨੂੰ ਬਲੈਕਮੇਲ ਕਰਨ ਲਈ ਕਰਦਾ ਰਿਹਾ। ਰੰਕਜ ਵਰਮਾ ਨੇ ਵੀ ਖੁਦ ਨੂੰ ਬੇਕਸੂਰ ਦੱਸਦੇ ਹੋਏ ਜ਼ਮਾਨਤ ਅਰਜ਼ੀ ਦਾਇਰ ਕੀਤੀ ਹੈ।
ਐੱਸ.ਆਈ.ਟੀ. ਨੇ ਸਾਰੇ ਦੋਸ਼ੀਆਂ ਨੂੰ ਸੋਮਵਾਰ ਨੂੰ ਖਰੜ ਅਦਾਲਤ ਵਿੱਚ ਪੇਸ਼ ਕੀਤਾ ਅਤੇ ਸੱਤ ਦਿਨ ਦਾ ਰਿਮਾਂਡ ਮੰਗਿਆ। ਅਦਾਲਤ ਨੇ ਪੰਜ ਦਿਨ ਦਾ ਹੀ ਰਿਮਾਂਡ ਦਿੱਤਾ। ਐੱਸ.ਆਈ.ਟੀ. ਨੇ ਦਲੀਲ ਦਿੱਤੀ ਕਿ ਸੰਜੀਵ ਦੇ ਨਾਲ ਹੋਰ ਦੋਸ਼ੀਆਂ ਨੂੰ ਆਮਣੇ-ਸਾਹਮਣੇ ਬਿਠਾ ਕੇ ਪੁੱਛਗਿੱਛ ਕਰਨੀ ਹੈ। ਦੋਸ਼ੀ ਦੇ ਮੋਬਾਈਲ ਤੋਂ ਇਤਰਾਜ਼ਯੋਗ ਸਮੱਗਰੀ ਮਿਲੀ ਹੈ।
ਐਸਆਈਟੀ ਵੱਲੋਂ ਦੱਸਿਆ ਗਿਆ ਕਿ ਸੰਜੀਵ ਕੋਲ ਮਿਲੇ ਤਿੰਨ ਮੋਬਾਈਲਾਂ ਵਿੱਚੋਂ ਇੱਕ ਵਿੱਚ ਇਹੀ ਨੰਬਰ ਚੱਲ ਰਿਹਾ ਸੀ, ਜਿਸ ’ਤੇ ਵਿਦਿਆਰਥਣ ਨੇ ਵੀਡੀਓ ਅਤੇ ਫੋਟੋ ਭੇਜੀ ਸੀ। ਰੰਕਜ ਦਾ ਸੈਰ-ਸਪਾਟੇ ਦਾ ਕਾਰੋਬਾਰ ਹੈ, ਫੇਸਬੁੱਕ ਅਤੇ ਇੰਸਟਾਗ੍ਰਾਮ ਪ੍ਰੋਫਾਈਲਾਂ ਰਾਹੀਂ ਉਸ ਨੂੰ ਆਪਣੇ ਬਿਜ਼ਨੈੱਸ ਵਿਚ ਮਦਦ ਮਿਲਦੀ ਹੈ। ਰੰਕਜ ਇਸ ‘ਤੇ ਆਪਣੀ ਪ੍ਰੋਫਾਈਲ ‘ਤੇ ਇਸ਼ਤਿਹਾਰ ਸ਼ੇਅਰ ਕਰਦਾ ਹੈ, ਜਿਸ ਵਿਚ ਉਹ ਅਕਸਰ ਸ਼ਿਮਲਾ ਟੂਰਿਸਟ ਪੈਕੇਜ ਸ਼ੇਅਰ ਕਰਦਾ ਹੈ। ਸੰਜੀਵ ਨੇ ਉਥੋਂ ਰੰਕਜ ਦੀ ਫੋਟੋ ਚੁੱਕ ਕੇ ਆਪਣੇ ਨੰਬਰ ਦੀ ਡੀਪੀ ‘ਤੇ ਲਗਾ ਦਿੱਤੀ।