ਚੰਡੀਗੜ੍ਹ। ਬੀਤੇ ਦਿਨ ਚੰਡੀਗੜ੍ਹ ਸੈਕਟਰ-25 ਦੇ ਡੈਂਟਲ ਕਾਲਜ ‘ਚ ਦੰਦ ਕੱਢਵਾਉਣ ਗਈ ਔਰਤ ਦੀ ਬੇਹੋਸ਼ੀ ਦਾ ਟੀਕਾ ਲੱਗਣ ਤੋਂ ਬਾਅਦ ਮੌਤ ਦਾ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਨੇ ਸਵੈ ਨੋਟਿਸ ਲਿਆ ਹੈ। ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਨੇ ਚੰਡੀਗੜ੍ਹ ਦੇ ਐਸਐਸਪੀ ਤੋਂ ਜਵਾਬ ਤਲਬ ਕੀਤਾ ਹੈ।
ਜਾਣਕਾਰੀ ਅਨੁਸਾਰ ਸੈਕਟਰ-25 ਸਥਿਤ ਪੰਜਾਬ ਯੂਨੀਵਰਸਿਟੀ ਦੇ ਡੈਂਟਲ ਕਾਲਜ ‘ਚ ਦੰਦ ਕੱਢਵਾਉਣ ਆਈ ਔਰਤ ਦੀ ਟੀਕਾ ਲੱਗਣ ਤੋਂ ਕੁੱਝ ਦੇਰ ਬਾਅਦ ਹੀ ਮੌਤ ਹੋ ਗਈ ਸੀ। ਕਾਲਜ ਦੀ ਇੰਟਰਨ ਵੱਲੋਂ ਔਰਤ ਨੂੰ ਐਨਸਥੀਸੀਆ ਦਾ ਟੀਕਾ ਲਾਇਆ ਗਿਆ ਸੀ। ਓਰਲ ਸਰਜਰੀ ਵਿਭਾਗ ‘ਚ ਸੈਕਟਰ-80 ਮੋਹਾਲੀ ਦੀ ਰਹਿਣ ਵਾਲੀ ਕਰੀਬ 34 ਔਰਤ ਆਪਣੇ ਪਤੀ ਸੂਰਜ ਨਾਲ ਆਈ ਸੀ। ਉਸ ਦੇ ਦੰਦ ‘ਚ ਦਰਦ ਸੀ, ਜਿਸ ਨੂੰ ਓ. ਪੀ. ਡੀ. ‘ਚ ਦੇਖਣ ਤੋਂ ਬਾਅਦ ਦੰਦ ਕੱਢਵਾਉਣ ਦੀ ਸਲਾਹ ਦਿੱਤੀ ਗਈ ਸੀ। ਇਸ ਤੋਂ ਬਾਅਦ ਔਰਤ ਖ਼ੁਦ ਗਰਾਊਂਡ ਫਲੋਰ ’ਤੇ ਸਥਿਤ ਓਰਲ ਸਰਜਰੀ ਵਿਭਾਗ ‘ਚ ਗਈ। ਇੱਥੇ ਟੀਕਾ ਲਾਉਣ ਤੋਂ ਬਾਅਦ ਉਸ ਨੂੰ ਸਾਹ ਲੈਣ ‘ਚ ਦਿੱਕਤ ਆ ਰਹੀ ਸੀ। ਅਚਾਨਕ ਉਸ ਦਾ ਸਾਹ ਫੁੱਲਣ ਲੱਗਾ ਅਤੇ ਉਹ ਬੇਹੋਸ਼ ਹੋ ਗਈ।