ਅੰਮ੍ਰਿਤਸਰ | ਡੇਰਾ ਰਾਧਾ ਸੁਆਮੀ ਬਿਆਸ ਦੇ ਸਮਰਥਕਾਂ ਤੇ ਨਿਹੰਗਾਂ ਸਿੰਘਾਂ ਵਿਚਾਲੇ ਹੋਏ ਝਗੜੇ ਤੋਂ ਬਾਅਦ ਦੋਵਾਂ ਪਾਸਿਆਂ ਤੋਂ ਗੋਲੀਆਂ, ਇੱਟਾਂ-ਪੱਥਰ, ਤਲਵਾਰਾਂ, ਬਰਛੇ ਤੇ ਲਾਠੀਆਂ ਚੱਲੀਆਂ। ਇਸ ਵਿਚ ਚਾਰ ਵਿਅਕਤੀ ਜ਼ਖ਼ਮੀ ਹੋ ਗਏ। ਕੁਝ ਪੁਲਿਸ ਮੁਲਾਜ਼ਮਾਂ ਨੂੰ ਸੱਟਾਂ ਲੱਗੀਆਂ ਹਨ। ਇਹ ਝੜਪ ਐਤਵਾਰ ਸ਼ਾਮ ਨੂੰ ਹੋਈ ਹੈ।
ਫਸਾਦ ਨਿਹੰਗਾਂ ਵੱਲੋਂ ਤੰਬੂ ਦੀ ਜ਼ਮੀਨ ਤੋਂ ਡੰਗਰ ਲੈ ਜਾਣ ਕਾਰਨ ਸ਼ੁਰੂ ਹੋਇਆ ਤੇ ਹਿੰਸਕ ਝੜਪ ਵਿੱਚ ਬਦਲ ਗਿਆ। ਡੇਰਾ ਸਮਰਥਕਾਂ ਦਾ ਦੋਸ਼ ਹੈ ਕਿ ਹਥਿਆਰਾਂ ਨਾਲ ਲੈਸ ਨਿਹੰਗ ਡੇਰੇ ਦੀ ਜ਼ਮੀਨ ‘ਤੇ ਕਬਜ਼ਾ ਕਰਨ ਲਈ ਵੱਡੀ ਗਿਣਤੀ ‘ਚ ਗਾਵਾਂ ਲੈ ਕੇ ਆਏ ਸਨ।
ਇਸ ਦੇ ਨਾਲ ਹੀ ਸਥਿਤੀ ‘ਤੇ ਕਾਬੂ ਪਾਉਣ ਲਈ ਪੁਲਿਸ ਨੂੰ ਲਾਠੀਚਾਰਜ ਕਰਨਾ ਪਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਬਿਆਸ, ਜੰਡਿਆਲਾ ਤੇ ਖਲਚੀਆਂ ਦੀ ਪੁਲੀਸ ਟੀਮਾਂ ਮੌਕੇ ’ਤੇ ਪਹੁੰਚ ਗਈਆਂ ਪਰ ਇਸ ਤੋਂ ਪਹਿਲਾਂ ਹੀ ਦੋਵੇਂ ਧੜੇ ਆਪਸ ਵਿੱਚ ਭਿੜ ਗਏ।
ਪੁਲੀਸ ਅਧਿਕਾਰੀਆਂ ਨੇ ਦੋਵਾਂ ਧਿਰਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਇਸ ਦੌਰਾਨ ਕੁਝ ਲੋਕਾਂ ਨੇ ਪਥਰਾਅ ਸ਼ੁਰੂ ਕਰ ਦਿੱਤਾ। ਜਿਸ ਕਾਰਨ ਬਾਬਾ ਬਕਾਲਾ ਦੇ ਸੁੱਖਾ ਸਿੰਘ, ਬੁੱਧ ਸਿੰਘ ਅਤੇ ਪ੍ਰਗਟ ਸਿੰਘ ਅਤੇ ਪਿੰਡ ਗਗੜੇਵਾਲ ਦੇ ਸਵਰਨਾ ਸਿੰਘ ਜ਼ਖਮੀ ਹੋ ਗਏ। ਸਾਰਿਆਂ ਦੀ ਹਾਲਤ ਸਥਿਰ ਹੈ। ਬਾਅਦ ਵਿੱਚ ਪੁਲੀਸ ਨੇ ਸਥਿਤੀ ’ਤੇ ਕਾਬੂ ਪਾਇਆ ਅਤੇ ਤਰਨਾ ਦਲ ਦੇ ਮੈਂਬਰ ਗਾਵਾਂ ਨੂੰ ਲੈ ਕੇ ਮੰਡ ਖੇਤਰ ਵੱਲ ਚਲੇ ਗਏ।








































