ਸਿੱਧੂ ਮੂਸੇਵਾਲਾ ਦੇ ਮਾਪਿਆਂ ਨੇ ਕਿਹਾ- ਜਦੋਂ ਤੱਕ ਗੈਂਗਸਟਰਾਂ ਦਾ ਸਰਗਣਾ 200 ਬੰਦਿਆਂ ਦੀ ਸਕਿਓਰਿਟੀ ਲੈ ਕੇ ਚੱਲੇਗਾ, ਉਦੋਂ ਤੱਕ ਸਾਡੇ ਦਿਲ ‘ਤੇ ਸੱਟ ਵੱਜਦੀ ਰਹੇਗੀ

0
4090

ਮਾਨਸਾ | ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਇਨਸਾਫ਼ ਲਈ ਮਾਨਸਾ ਵਿੱਚ ਕੈਂਡਲ ਮਾਰਚ ਸ਼ੁਰੂ ਹੋ ਗਿਆ ਹੈ। ਇਸ ਦੀ ਅਗਵਾਈ ਕਰਦੇ ਹੋਏ ਪਿਤਾ ਬਲਕੌਰ ਸਿੰਘ ਨੇ ਸਰਕਾਰ ਅੱਗੇ 3 ਮੰਗਾਂ ਰੱਖੀਆਂ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪੁੱਤ ਦੀ ਸੁਰੱਖਿਆ ਵਿੱਚ ਕੁਤਾਹੀ ਦੀ ਜਾਂਚ ਲਈ ਇੱਕ ਪਾਵਰਫੁਲ ਕਮਿਸ਼ਨ ਬਿਠਾਇਆ ਜਾਣਾ ਚਾਹੀਦਾ ਹੈ। ਇਸ ਦੀ ਜਾਂਚ ਹੋਵੇ ਕਿ ਉਨ੍ਹਾਂ ਦੇ ਪੁੱਤਰ ਦੀ ਸਕਿਓਰਿਟੀ ਕਿਸ ਨੇ ਤੇ ਕਿਉਂ ਵਾਪਸ ਲਈ? ਪੰਜਾਬ ਦੀ ਫਿਲਮ ਇੰਡਸਟਰੀ ਦੇ ਗੈਂਗਸਟਰ ਨਾਲ ਲਿੰਕ ਦੀ ਜਾਂਚ ਕੀਤੀ ਜਾਏ। ਇਸ ਤੋਂ ਇਲਾਵਾ ਗੈਂਗਸਟਰ ਗੋਲਡੀ ਬਰਾੜ ਨੂੰ ਕੈਨੇਡਾ ਤੋਂ ਭਾਰਤ ਲਿਆਇਆ ਜਾਏ।
ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਪੁਲਿਸ ਆਪਣਾ ਕੰਮ ਕਰ ਰਹੀ ਹੈ ਪਰ ਇਹ ਲੰਮੀ ਲੜਾਈ ਹੈ। ਜਦੋਂ ਤੱਕ ਗੈਂਗਸਟਰਾਂ ਦਾ ਸਰਗਣਾ 200 ਬੰਦਿਆਂ ਦੀ ਵੀ.ਆਈ.ਪੀ. ਸਕਿਓਰਿਟੀ ਲੈ ਕੇ ਚੱਲੇਗਾ ਤਾਂ ਸਾਡੇ ਦਿਲ ‘ਤੇ ਸੱਟ ਲੱਗਦੀ ਰਹੇਗੀ। ਕੇਂਦਰ ਸਰਕਾਰ ਨੇ ਕਿਹਾ ਕਿ ਲਾਰੈਂਸ ਨੂੰ ਖਤਰਾ ਹੈ। 70 ਪਰਚੇ ਦਰਜ ਹੋਣ ਅਤੇ ਲੋਕਾਂ ਦੇ ਬੱਚੇ ਮਾਰਨ ਤੋਂ ਬਾਅਦ ਵੀ ਇਨ੍ਹਾਂ ਨੂੰ ਖਤਰਾ ਹੈ? ਉਨ੍ਹਾਂ ਕਿਹਾ ਕਿ ਆਪਣੇ ਬੱਚੇ ਗੁਆਉਣ ਵਾਲੇ ਸਾਡੇ ਵਰਗੇ ਲੋਕਾਂ ਦੇ ਮਨੁੱਖੀ ਅਧਿਕਤਾਰ ਕਿੱਥੇ ਹਨ?
ਦੱਸ ਦੇਈਏ ਕਿ 29 ਮਈ ਨੂੰ ਮਾਨਸਾ ਦੇ ਜਵਾਹਰਕੇ ਵਿਖੇ ਮੂਸੇਵਾਲਾ ਦਾ ਕਤਲ ਕਰ ਦਿੱਤਾ ਗਿਆ ਸੀ, ਜਿਸ ਦੀ ਜ਼ਿੰਮੇਵਾਰੀ ਲਾਰੈਂਸ ਗੈਂਗ ਦੇ ਕੈਨੇਡੀਅਨ ਗੈਂਗਸਟਰ ਗੋਲਡੀ ਬਰਾੜ ਨੇ ਲਈ ਸੀ। ਦਿੱਲੀ ਪੁਲਿਸ ਨੇ 3 ਸ਼ਾਰਪ ਸ਼ੂਟਰਾਂ ਪ੍ਰਿਅਵਰਤ ਫੌਜੀ, ਅੰਕਿਤ ਸੇਰਸਾ ਅਤੇ ਕਸ਼ਿਸ਼ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਨੇ ਉਨ੍ਹਾਂ ਦਾ ਕਤਲ ਕੀਤਾ ਸੀ। ਦੋ ਸ਼ਾਰਪ ਸ਼ੂਟਰ ਮਨਪ੍ਰੀਤ ਮੰਨੂ ਅਤੇ ਜਗਰੂਪ ਰੂਪਾ ਨੂੰ ਪੰਜਾਬ ਪੁਲਿਸ ਨੇ ਅੰਮ੍ਰਿਤਸਰ ਵਿੱਚ ਇੱਕ ਐਨਕਾਊਂਟਰ ਵਿੱਚ ਮਾਰ ਦਿੱਤਾ ਸੀ। ਛੇਵਾਂ ਸ਼ਾਰਪਸ਼ੂਟਰ ਦੀਪਕ ਮੁੰਡੀ ਅਜੇ ਫਰਾਰ ਹੈ।

ਪੰਜਾਬ ਪੁਲਿਸ ਇਸ ਮਾਮਲੇ ਵਿੱਚ ਲਾਰੈਂਸ ਅਤੇ ਜੱਗੂ ਨੂੰ ਪੰਜਾਬ ਲਿਆ ਕੇ ਪੁੱਛਗਿੱਛ ਕਰ ਰਹੀ ਹੈ। ਕਤਲ ਕੇਸ ਵਿੱਚ 24 ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੰਜਾਬ ਪੁਲਿਸ ਨੇ ਮਾਮਲੇ ਦੀ ਚਾਰਜਸ਼ੀਟ ਤਿਆਰ ਕਰ ਲਈ ਹੈ, ਜਿਸ ਵਿੱਚ ਲਾਰੈਂਸ ਨੂੰ ਮਾਸਟਰਮਾਈਂਡ ਦੱਸਿਆ ਗਿਆ ਹੈ। ਇਸ ਵਿੱਚ ਸ਼ਾਰਪਸ਼ੂਟਰਾਂ ਸਣੇ 15 ਨਾਂ ਹਨ। ਅਦਾਲਤ ਵਿੱਚ ਦਾਇਰ ਹੋਣਾ ਅਜੇ ਬਾਕੀ ਹੈ।