ਪਟਿਆਲਾ। ਉਧਾਰ ਸ਼ਰਾਬ ਨਾ ਦੇਣ ਤੇ ਤਿੰਨ ਨੌਜਵਾਨਾਂ ਨੇ ਪਹਿਲਾਂ ਮੀਟ ਦੀ ਦੁਕਾਨ ਦੇ ਮਾਲਕ ਤੇ ਉਸਦੇ ਬੇਟੇ ਨਾਲ ਕੁੱਟਮਾਰ ਕੀਤੀ। ਇਸਦੇ ਬਾਅਦ ਉਨ੍ਹਾਂ ਉਤੇ ਗਰਮ ਤੇਲ ਦੀ ਕੜਾਹੀ ਸੁੱਟ ਦਿੱਤੀ। ਇਸ ਨਾਲ ਦੋਵੇਂ ਪਿਤਾ-ਪੁੱਤਰ ਝੁਲਸ ਗਏ। ਘਟਨਾ ਦੀ ਵੀਡੀਓ ਵਾਇਰਲ ਹੋਣ ਦੇ ਬਾਅਦ ਪੁਲਿਸ ਨੇ ਮਾਮਲੇ ਵਿਚ ਕਾਰਵਾਈ ਕੀਤੀ ਤੇ ਤਿੰਨਾਂ ਨੌਜਵਾਨਾਂ ਖਿਲਾਫ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ।
ਮਾਮਲਾ ਪਟਿਆਲਾ ਜਿਲੇ ਦੇ ਪਿੰਡ ਢੈਂਠਲ ਦਾ ਹੈ। ਕੈਮਰੇ ਵਿਚ ਨੌਜਵਾਨਾਂ ਦੀ ਗੁੰਡਾਗਰਦੀ ਕੈਦ ਹੋ ਗਈ। ਵਿਕਰਮ ਸਿੰਘ ਵਾਸੀ ਪਿੰਡ ਢੈਂਠਲ ਨੇ ਦੱਸਿਆ ਕਿ ਉਸਦੀ ਢੈਂਠਲ ਰੋਡ ਉਤੇ ਮੀਟ ਤੇ ਆਂਡਿਆਂ ਦੀ ਦੁਕਾਨ ਹੈ। 6 ਜੁਲਾਈ ਦੀ ਰਾਤ ਨੂੰ ਜਗਦੀਪ ਸਿੰਘ, ਜਗਮੋਹਨ ਸਿੰਘ ਵਾਸੀ ਪਿੰਡ ਢੈਂਠਲ ਤੇ ਰਣਧੀਰ ਸਿੰਘ ਵਾਸੀ ਪਿੰਡ ਮਲਕਾਨਾ ਉਸਦੀ ਦੁਕਾਨ ਉਤੇ ਆਏ ਤੇ ਉਧਾਰ ਸ਼ਰਾਬ ਦੀ ਮੰਗ ਕੀਤੀ। ਆਰੋਪੀਆਂ ਨੇ ਦੁਕਾਨ ਮਾਲਕ ਨੂੰ ਨੇੜਲੇ ਠੇਕੇ ਤੋਂ ਸ਼ਰਾਬ ਲਿਆਉਣ ਲਈ ਕਿਹਾ, ਦੁਕਾਨ ਮਾਲਕ ਵਲੋਂ ਇਨਕਾਰ ਕਰਨ ਉਤੇ ਆਰੋਪੀਆਂ ਨੇ ਉਸਦੇ ਨਾਲ ਕੁੱਟਮਾਰ ਕੀਤੀ ਤੇ ਜਾਨ ਤੋਂ ਮਾਰਨ ਦੀ ਨੀਯਤ ਨਾਲ ਗਰਮ ਤੇਲ ਦੀ ਕੜਾਹੀ ਦੁਕਾਨ ਮਾਲਕ ਤੇ ਉਸਦੇ ਪੁੱਤਰ ਉਤੇ ਸੁੱਟ ਦਿੱਤੀ ।
ਗਰਮ ਤੇਲ ਨਾਲ ਦੁਕਾਨ ਮਾਲਕ ਤੇ ਉਸਦਾ ਪੁੱਤਰ ਬੁਰੀ ਤਰ੍ਹਾਂ ਸੜ ਗਏ। ਇਸ ਸਾਰੇ ਮਾਮਲੇ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਮਾਮਲਾ ਪੁਲਸ ਤੱਕ ਪੁੱਜਾ ਤਾਂ ਪੁਲਸ ਨੇ ਦੋਸ਼ੀਆਂ ਉਤੇ ਹੱਤਿਆ ਦੀ ਕੋਸ਼ਿਸ਼ ਦਾ ਪਰਚਾ ਦਰਜ ਕੀਤਾ ਹੈ।






































