ਮੱਤੇਵਾੜਾ ਜੰਗਲ ਬਚਾਉਣ ਲਈ ਕੁਲਤਾਰ ਸੰਧਵਾਂ ਨੇ CM ਮਾਨ ਨੂੰ ਲਿਖਿਆ ਪੱਤਰ, ਕਿਹਾ – ਲੋਕਾਂ ਦੀਆਂ ਭਾਵਨਾਵਾਂ ਦਾ ਵੀ ਰੱਖਣਾ ਚਾਹੀਦੈ ਖਿਆਲ

0
496

ਚੰਡੀਗੜ੍ਹ | ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾਂ ਨੇ ਮੱਤੇਵਾੜਾ ਜੰਗਲ ਨੂੰ ਬਚਾਉਣ ਸਬੰਧੀ ਸੀਐਮ ਭਗਵੰਤ ਮਾਨ ਨੂੰ ਪੱਤਰ ਲਿਖਿਆ ਹੈ। ਉਨ੍ਹਾਂ ਨੇ ਕਿਹਾ ਪੰਜਾਬ ਵਿੱਚ ਜੰਗਲੀ ਕਵਰ ਨੂੰ 3.67 ਫੀਸਦੀ ਤੋਂ ਵਧਾ ਕੇ ਭਾਰਤ ਦੇ ਬਾਕੀ ਸੂਬਿਆਂ ਦੇ ਬਰਾਬਰ 33 ਫੀਸਦੀ ਕਰਨ ਬਾਰੇ ਵੀ ਸਾਰਥਕ ਕਦਮ ਚੁੱਕਣ ਦੀ ਵਕਾਲਤ ਕੀਤੀ ਹੈ। 

ਸੰਧਵਾਂ ਨੇ ਪੱਤਰ ਵਿਚ ਲਿਖਿਆ ਕਿ ਵਾਰਿਅਰ ਮੋਮਜ਼, ਮਦਰਜ਼ ਵਾਰ ਕਲੀਨ ਏਅਰ ਤੇ ‘ਵੀ ਸਪੋਰਟ ਅਵਰ ਫਾਰਮਜ਼’, ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ, ਨਰੋਆ ਪੰਜਾਬ ਮੰਚ ਵਰਗੀਆਂ ਸੰਸਥਾਵਾਂ ਵੀ ਸਾਨੂੰ ਫਾਰੈਸਟ ਵਧਾਉਣ ਲਈ ਚੰਗੇ ਸੁਝਾਅ ਦੇਣ ਰਹੇ ਹਨ। ਇਹ ਸੁਝਾਅ ਪਿਛਲੀਆਂ ਸਰਕਾਰਾਂ ਵਲੋਂ ਵਿਚਾਰੇ ਨਹੀਂ ਗਏ।

ਉਹਨਾਂ ਅੱਗੇ ਕਿਹਾ ਕਿ ਸਾਨੂੰ ਲੋਕਾਂ ਦੀ ਭਾਵਨਾਵਾਂ ਦਾ ਵੀ ਖਿਆਲ ਰੱਖਣਾ ਚਾਹੀਦਾ ਹੈ। ਸੰਧਵਾਂ ਨੇ ਇਹ ਵੀ ਲਿਖਿਆ ਹੈ ਕਿ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਵਿੱਚ ਵੀ ਮੱਤੇਵਾੜਾ ਦੇ ਜੰਗਲ ਦਾ ਮੁੱਦਾ ਉੱਠਾਇਆ ਸੀ ਤੇ ਮੁੱਖ ਮੰਤਰੀ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਸੀ ਕਿ ਇਸ ਖੇਤਰ ਵਿੱਚ ਕੈਮੀਕਲ ਪ੍ਰੋਡਿਊਸ ਕਰਨ ਵਾਲੇ ਉਦਯੋਗ ਲਾਉਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ।

ਉਹਨਾਂ ਪੁਰਜ਼ੋਰ ਸਿਫਾਰਿਸ਼ ਕਰਦਿਆਂ ਲਿਖਿਆ ਹੈ ਕਿ ਵਿਧਾਨਕਾਰਾਂ ਵੱਲੋਂ ਇਸ ਮੁੱਦੇ ਨੂੰ ਵਿਧਾਨ ਸਭਾ ਵਿੱਚ ਚੁੱਕਣ ਦੇ ਨਾਲ-ਨਾਲ, ਲੋਕਾਂ ਦੇ ਮੁੱਦਿਆਂ ‘ਤੇ ਚੁਣੀ ਗਈ ਨਵੀਂ ਸਰਕਾਰ ਵੱਲੋਂ ਨਵੇਂ ਜੰਗਲ ਲਗਾਉਣ ਲਈ, ਮੱਤੇਵਾੜਾ ਦੇ ਜੰਗਲ ਨੂੰ ਬਚਾਉਣ ਲਈ ਅਤੇ ਸਤਲੁਜ ਦੇ ਪਾਣੀ ਨੂੰ ਪ੍ਰਦੂਸ਼ਿਤ ਹੋਣ ਤੋਂ ਰੋਕਣ ਲਈ ਇਸ ਅਹਿਮ ਮੁੱਦੇ ਦਾ ਫੌਰੀ ਹੱਲ ਕੱਢਣ ਲਈ ਠੋਸ ਕਦਮ ਚੁੱਕਣ ਦੀ ਖੇਚਲ ਕੀਤੀ ਜਾਵੇ।