Youtube ਦੇਖ ਘਰ ‘ਚ ਹੀ ਕਰ ਰਿਹਾ ਸੀ ਪਤਨੀ ਦੀ ਡਿਲੀਵਰੀ, ਬੱਚੇ ਦੀ ਮੌਤ, ਪਤਨੀ ਦੀ ਹਾਲਤ ਗੰਭੀਰ

0
1381

ਤਾਮਿਲਨਾਡੂ | ਰਾਨੀਪੇਟ ਜ਼ਿਲ੍ਹੇ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਰਿਪੋਰਟਾਂ ਮੁਤਾਬਕ 34 ਸਾਲਾ ਆਰ. ਲੋਗਾਨਾਥਨ ਆਪਣੀ 28 ਸਾਲਾ ਪਤਨੀ ਐੱਲ.ਏ. ਗੋਮਤੀ ਦੀ ਡਿਲੀਵਰੀ ‘ਚ ਮਦਦ ਕਰਨਾ ਚਾਹੁੰਦਾ ਸੀ, ਜਿਸ ਲਈ ਉਸ ਨੇ ਯੂਟਿਊਬ ਵੀਡੀਓਜ਼ ਦੀ ਮਦਦ ਲਈ।

ਹਾਲਾਂਕਿ ਨਵਜੰਮੇ ਬੱਚੇ ਦੀ ਮੌਤ ਤੋਂ ਬਾਅਦ ਪੁਲਿਸ ਨੇ ਸੋਮਵਾਰ ਆਰੋਪੀ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਦੇ ਨਾਲ ਹੀ ਵਿਅਕਤੀ ਦੀ ਪਤਨੀ ‘ਵੇਲੋਰ ਮੈਡੀਕਲ ਕਾਲਜ ਹਸਪਤਾਲ’ (ਜੀਐੱਮਸੀਐੱਚ) ‘ਚ ਦਾਖਲ ਹੈ, ਜਿਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਜੂਨ ‘ਚ ਹੋਇਆ ਸੀ ਕਪਲ ਦਾ ਵਿਆਹ

ਪੁਲਿਸ ਨੇ ਦੱਸਿਆ ਕਿ ਜੋੜੇ ਦਾ ਪਿਛਲੇ ਸਾਲ ਜੂਨ ‘ਚ ਵਿਆਹ ਹੋਇਆ ਸੀ, ਜਿਸ ਤੋਂ ਕੁਝ ਸਮੇਂ ਬਾਅਦ ਹੀ ਗੋਮਤੀ ਗਰਭਵਤੀ ਹੋ ਗਈ।

ਡਾਕਟਰਾਂ ਨੇ ਉਸ ਨੂੰ ਡਿਲੀਵਰੀ ਲਈ 13 ਦਸੰਬਰ ਦੀ ਤਰੀਕ ਦਿੱਤੀ ਸੀ ਪਰ 18 ਦਸੰਬਰ ਨੂੰ ਜਦੋਂ ਗੋਮਤੀ ਨੂੰ ਜਣੇਪੇ ਦਾ ਦਰਦ ਹੋਣ ਲੱਗਾ ਤਾਂ ਪਤੀ ਨੇ ਉਸ ਨੂੰ ਹਸਪਤਾਲ ਲਿਜਾਣ ਦੀ ਬਜਾਏ ਘਰ ‘ਚ ਹੀ ਰੱਖਿਆ।

ਪਤੀ ‘ਤੇ ਆਰੋਪ ਹੈ ਕਿ ਉਸ ਨੇ ਯੂਟਿਊਬ ‘ਤੇ ਵੀਡੀਓ ਦੇਖ ਕੇ ਉਸ ਦੀ ਡਿਲੀਵਰੀ ‘ਚ ਮਦਦ ਕਰਨ ਦੀ ਕੋਸ਼ਿਸ਼ ਕੀਤੀ ਪਰ ਜਦੋਂ ਬੱਚਾ ਪੈਦਾ ਹੋਇਆ ਤਾਂ ਉਸ ਦੀ ਪਤਨੀ ਬੇਹੋਸ਼ ਹੋ ਗਈ ਤੇ ਬੱਚਾ ਵੀ ਜ਼ਿੰਦਾ ਨਹੀਂ ਸੀ।

ਸਰੀਰ ‘ਚੋਂ ਵਹਿ ਚੁੱਕਾ ਸੀ ਕਾਫੀ ਖੂਨ

ਗੋਮਤੀ ਦੇ ਸਰੀਰ ‘ਚੋਂ ਕਾਫੀ ਖੂਨ ਵੀ ਵਹਿ ਚੁੱਕਾ ਸੀ। ਫਿਰ ਉਸ ਨੂੰ ਪੁੰਨਾਈ ਪ੍ਰਾਇਮਰੀ ਹੈਲਥ ਸੈਂਟਰ ਲਿਜਾਇਆ ਗਿਆ, ਜਿਥੋਂ ਉਸ ਨੂੰ ਵੇਲੋਰ ਦੇ ਸਰਕਾਰੀ ਹਸਪਤਾਲ ਰੈਫਰ ਕਰ ਦਿੱਤਾ ਗਿਆ।

ਨਵਜੰਮੇ ਬੱਚੇ ਦੀ ਮੌਤ ਤੋਂ ਬਾਅਦ ਪੁੰਨਾਈ ਦੇ ਪ੍ਰਾਇਮਰੀ ਹੈਲਥ ਅਫਸਰ ਨੇ ਗੋਮਤੀ ਦੇ ਪਤੀ ਖਿਲਾਫ ਮਾਮਲਾ ਦਰਜ ਕਰਵਾਇਆ ਹੈ।

ਰਾਨੀਪੇਟ ਦੇ ਕੁਲੈਕਟਰ ਡੀ. ਭਾਸਕਰ ਪਾਂਡੀਅਨ ਨੇ ਕਿਹਾ, “ਮਾਂ ਤੇ ਬੱਚੇ ਦੀ ਜਾਨ ਨੂੰ ਖ਼ਤਰੇ ਵਿੱਚ ਪਾਉਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਨਾਲ ਹੀ ਸੁਰੱਖਿਅਤ ਡਿਲੀਵਰੀ ਪ੍ਰਣਾਲੀ ਬਾਰੇ ਵਧੇਰੇ ਜਾਗਰੂਕਤਾ ਫੈਲਾਈ ਜਾਵੇਗੀ।”