ਤਰਨਤਾਰਨ : ਹਥਿਆਰਬੰਦ ਲੁਟੇਰਿਆਂ ਨੇ ਕਰਿਆਨੇ ਦੀ ਦੁਕਾਨ ਲੁੱਟਣ ਦੀ ਕੀਤੀ ਕੋਸ਼ਿਸ਼, ਦੁਕਾਨਦਾਰ ਨੇ ਰਿਵਾਲਵਰ ਕੱਢ ਲੁਟੇਰਿਆਂ ਨੂੰ ਪਾਈਆਂ ਭਾਜੜਾਂ, ਵੇਖੋ ਵੀਡੀਓ

0
901

ਤਰਨਤਾਰਨ (ਬਲਜੀਤ ਸਿੰਘ) | ਅੱਡਾ ਝਬਾਲ ਵਿਖੇ ਭਿੱਖੀਵਿੰਡ ਰੋਡ ‘ਤੇ ਮੇਸ਼ੇ ਸ਼ਾਹ ਦੇ ਕਰਿਆਨਾ ਸਟੋਰ ‘ਤੇ ਬੁੱਧਵਾਰ ਰਾਤ ਨੂੰ ਲੁੱਟ ਦੀ ਇਕ ਵੱਡੀ ਵਾਰਦਾਤ ਹੋਣ ਤੋਂ ਉਸ ਵੇਲੇ ਬਚਾਅ ਹੋ ਗਿਆ, ਜਦੋਂ ਕੁਝ ਹਥਿਆਰਬੰਦ ਲੁਟੇਰੇ ਲੁੱਟ ਦੀ ਨੀਅਤ ਨਾਲ ਦੁਕਾਨ ਵਿੱਚ ਦਾਖਲ ਹੋਏ ਤਾਂ ਅੱਗੋਂ ਦੁਕਾਨਦਾਰ ਨੇ ਬੜੀ ਹੁਸ਼ਿਆਰੀ ਨਾਲ ਆਪਣੀ ਲਾਇਸੈਂਸੀ ਰਿਵਾਲਵਰ ਕੱਢ ਕੇ ਲੁਟੇਰਿਆਂ ਵੱਲ ਤਾਣ ਦਿੱਤੀ, ਜਿਸ ਨਾਲ ਉਹ ਫਰਾਰ ਹੋ ਗਏ।

ਘਟਨਾ ਦੁਕਾਨ ਵਿੱਚ ਲੱਗੇ ਸੀਸੀਟੀਵੀ ਵਿੱਚ ਕੈਦ ਹੋ ਗਈ। ਇਸ ਸਬੰਧੀ ਥਾਣਾ ਮੁਖੀ ਜਸਵੰਤ ਸਿੰਘ ਭੱਟੀ ਨੂੰ ਲਿਖਤੀ ਦਰਖਾਸਤ ਦਿੰਦਿਆਂ ਕਰਿਆਨਾ ਯੂਨੀਅਨ ਝਬਾਲ ਦੇ ਪ੍ਰਧਾਨ ਤੇ ਦੁਕਾਨ ਦੇ ਮਾਲਕ ਰਜੇਸ਼ ਕੁਮਾਰ ਰਾਜ ਉੱਪਲ ਨੇ ਦੱਸਿਆ ਕਿ ਉਸ ਦਾ ਲੜਕਾ ਕਰਿਆਨੇ ਦੀ ਦੁਕਾਨ ‘ਚ ਬੈਠਾ ਸੀ ਤਾਂ 3 ਵਿਅਕਤੀ ਪਲਸਰ ਮੋਟਰਸਾਈਕਲ ‘ਤੇ ਆਏ, ਜਿਨ੍ਹਾਂ ਨੇ ਮੂੰਹ ਬੰਨ੍ਹੇ ਹੋਏ ਸਨ।

ਲੁਟੇਰਿਆਂ ਨੇ ਦੁਕਾਨ ਅੰਦਰ ਆਉਂਦਿਆਂ ਹੀ ਮੇਰੇ ਲੜਕੇ ‘ਤੇ ਪਿਸਤੌਲ ਤਾਣ ਕੇ ਸਾਰੇ ਪੈਸੇ ਦੇਣ ਨੂੰ ਕਿਹਾ ਤਾਂ ਮੇਰੇ ਲੜਕੇ ਅਮਿਤ ਨੇ ਹੁਸ਼ਿਆਰੀ ਨਾਲ ਕਾਊਂਟਰ ਵਿੱਚੋਂ ਆਪਣੀ ਲਾਇਸੈਂਸੀ ਰਿਵਾਲਵਰ ਕੱਢ ਕੇ ਜਦੋਂ ਲੁਟੇਰਿਆਂ ਵੱਲ ਤਾਣੀ ਤਾਂ ਹਥਿਆਰਬੰਦ ਲੁਟੇਰੇ ਇਕ ਦਮ ਉਥੋਂ ਫਰਾਰ ਹੋ ਗਏ, ਜਿਸ ਨਾਲ ਵੱਡੀ ਵਾਰਦਾਤ ਹੋਣ ਤੋਂ ਬਚਾਅ ਹੋ ਗਿਆ।

ਇਸ ਸਬੰਧੀ ਗੁਰਦੇਵ ਸਿੰਘ, ਨਰੇਸ਼ ਕੁਮਾਰ, ਗਗਨ, ਅਸੀਸ ਚੀਮਾ, ਵਿਜੇ ਕੁਮਾਰ ਤੇ ਅਸ਼ੋਕ ਸੋਹਲ ਤੇ ਹੋਰ ਦੁਕਾਨਦਾਰਾਂ ਨੇ ਇਕੱਠੇ ਹੋ ਕੇ ਥਾਣਾ ਝਬਾਲ ਵਿਖੇ ਲਿਖਤੀ ਦਰਖਾਸਤ ਦਿੰਦਿਆਂ ਪੁਲਿਸ ਪ੍ਰਸ਼ਾਸਨ ਕੋਲ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਆਏ ਦਿਨ ਦੁਕਾਨਾਂ ‘ਚ ਚੋਰੀਆਂ ਦੀਆਂ ਘਟਨਾਵਾਂ ਵੱਧਦੀਆਂ ਜਾ ਰਹੀਆਂ ਹਨ ਤੇ ਲੁਟੇਰੇ ਦੁਕਾਨਾਂ ਵਿੱਚ ਦਾਖਲ ਹੋ ਕੇ ਨਕਦੀ ਲੁੱਟ ਕੇ ਲੈ ਜਾਂਦੇ ਹਨ ਪਰ ਅੱਜ ਤੱਕ ਪੁਲਿਸ ਵੱਲੋਂ ਕੋਈ ਵੀ ਲੁਟੇਰਾ ਕਾਬੂ ਨਹੀਂ ਕੀਤਾ ਜਾ ਸਕਿਆ, ਜਿਸ ਕਾਰਣ ਉਨ੍ਹਾਂ ਦੀ ਹਿੰਮਤ ਵੱਧਦੀ ਜਾ ਰਹੀ ਹੈ।

ਉਨ੍ਹਾਂ ਪੁਲਿਸ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਦੁਕਾਨਦਾਰਾਂ ਦੀ ਜਾਨ-ਮਾਲ ਦੀ ਰੱਖਿਆ ਕੀਤੀ ਜਾਵੇ। ਉਧਰ ਇਸ ਸਬੰਧੀ ਜਦੋਂ ਥਾਣਾ ਝਬਾਲ ਦੇ ਐੱਸਐੱਚਓ ਜਸਵੰਤ ਸਿੰਘ ਭੱਟੀ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਨ੍ਹਾਂ ਨੇ ਕੈਮਰੇ ਅੱਗੇ ਆਉਣ ਤੋਂ ਇਨਕਾਰ ਕਰ ਦਿੱਤਾ।

ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ

  • ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
  • ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ