ਬੇਰੁਜ਼ਗਾਰ ਅਧਿਆਪਕਾਂ ਨੇ ਫੂਕੇ ਲਾਰੇ ਇਸ਼ਤਿਹਾਰ ਜਾਰੀ ਕਰਨ ਦੀ ਮੰਗ

0
492

ਜਲੰਧਰ | ਮੁੱਖ ਮੰਤਰੀ ਸ੍ਰ ਚਰਨਜੀਤ ਸਿੰਘ ਚੰਨੀ ਅਤੇ ਸਿੱਖਿਆ ਮੰਤਰੀ ਸ੍ਰ ਪ੍ਰਗਟ ਸਿੰਘ ਨੇ ਭਾਵੇਂ 29 ਨਵੰਬਰ ਦੀ ਮੀਟਿੰਗ ਵਿੱਚ 10880 ਅਸਾਮੀਆਂ ਮਾਸਟਰ ਕੇਡਰ ਦੀਆਂ ਭਰਨ ਦਾ ਐਲਾਨ ਕੀਤਾ ਹੈ,ਪ੍ਰੰਤੂ ਕਰੀਬ ਇੱਕ ਹਫਤਾ ਬੀਤਣ ਮਗਰੋਂ ਹੀ ਇਸ਼ਤਿਹਾਰ ਜਾਰੀ ਨਾ ਹੋਣ ਤੋਂ ਖਫਾ ਬੇਰੁਜ਼ਗਾਰ ਬੀ ਐਡ ਟੈਟ ਪਾਸ ਅਧਿਆਪਕ ਯੂਨੀਅਨ ਨੇ ਸਥਾਨਕ ਬੱਸ ਸਟੈਂਡ ਵਿੱਚ ਪਾਣੀ ਵਾਲੀ ਟੈਂਕੀ ਤੋਂ ਲਾਰਿਆਂ ਦੀ ਪੰਡ ਲੈਕੇ ਬੀ ਐਸ ਐੱਫ ਚੌਂਕ ਵਿੱਚ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ।

ਸਿੱਖਿਆ ਮੰਤਰੀ ਦੀ ਕੋਠੀ ਦੇ ਘਿਰਾਓ ਦਾ ਜਨਤਕ ਐਲਾਨ ਕਰਕੇ ਦੂਜੇ ਪਾਸੇ ਬੇਰੁਜ਼ਗਾਰਾਂ ਵੱਲੋ ਗੁਪਤ ਐਕਸ਼ਨ ਦੀਆਂ ਕੋਸਿਸ਼ਾਂ ਜਾਰੀ ਰਹੀਆਂ।
ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਕਿਹਾ ਕਿ ਸਰਕਾਰ ਲਗਾਤਾਰ ਲਾਰੇ ਲਗਾ ਰਹੀ ਹੈ,ਭਾਵੇਂ ਅਸਾਮੀਆਂ ਭਰਨ ਦਾ ਐਲਾਨ ਕੀਤਾ ਹੈ ਪ੍ਰੰਤੂ ਨਾ ਅਜੇ ਤਕ ਇਸ਼ਤਿਹਾਰ ਜਾਰੀ ਕੀਤਾ ਹੈ ਨਾ ਹੀ ਵਿਸ਼ਾ ਵਾਰ ਅਸਾਮੀਆਂ ਦਾ ਵੇਰਵਾ ਜਨਤਕ ਕੀਤਾ ਹੈ। ਉਹਨਾਂ ਕਿਹਾ ਕਿ ਸਮਾਜਿਕ ਸਿੱਖਿਆ,ਹਿੰਦੀ ਅਤੇ ਪੰਜਾਬੀ ਵਿਸ਼ਿਆਂ ਲਈ ਘੱਟੋ ਘੱਟ 9000 ਅਸਾਮੀਆਂ ਦਿੱਤੀਆਂ ਜਾਣ। ਉਹਨਾਂ ਖਦਸ਼ਾ ਜ਼ਾਹਿਰ ਕੀਤਾ ਕਿ ਕਾਂਗਰਸ ਸਰਕਾਰ ਜਾਣ ਬੁੱਝ ਕੇ ਸਮੁੱਚੀ ਪ੍ਰਕਿਰਿਆ ਨੂੰ ਚੋਣ ਜ਼ਾਬਤੇ ਦੀ ਭੇਂਟ ਚੜਾਉਣ ਦੇ ਰੌਂਅ ਵਿੱਚ ਹੈ। ਉਹਨਾਂ ਕਿਹਾ ਕਿ ਸਿੱਖਿਆ ਮੰਤਰੀ ਸ੍ਰ ਪ੍ਰਗਟ ਸਿੰਘ ਇਕ ਪਾਸੇ ਆਪਣੇ ਚਹੇਤੇ ਨੂੰ ਪੀ ਆਈ ਐਸ ਵਿੱਚ ਬਤੌਰ ਡਾਇਰੈਕਟਰ ਨਿਯੁਕਤ ਕਰਨ ਲਈ ਸਾਰੇ ਨਿਯਮ ਛਿੱਕੇ ਟੰਗ ਜੇਕਰ ਸੁਪਰ ਫਾਸਟ ਤਰੀਕੇ ਨਾਲ ਪ੍ਰਕਿਰਿਆ ਚਲਾ ਰਹੇ ਹਨ ਅਤੇ ਦੂਜੇ ਪਾਸੇ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ ਮੌਕੇ ਕੀੜੀ ਦੀ ਚਾਲ ਚੱਲਿਆ ਜਾ ਰਿਹਾ ਹੈ।
ਬੇਰੁਜ਼ਗਾਰਾਂ ਨੇ ਕਰੀਬ ਅੱਧਾ ਘੰਟਾ ਜਾਮ ਲਗਾ ਕੇ ਜ਼ੋਰਦਾਰ ਨਾਹਰੇਬਾਜੀ ਕੀਤੀ।

ਉੱਧਰ ਮੁਨੀਸ਼ ਕੁਮਾਰ ਫ਼ਾਜ਼ਿਲਕਾ ਅਤੇ ਜਸਵੰਤ ਘੁਬਾਇਆ 37 ਵੇਂ ਦਿਨ ਵੀ ਜਿਉਂ ਦੀ ਤਿਉਂ ਟੈਂਕੀ ਉੱਤੇ ਬੈਠੇ ਹੋਏ ਹਨ।

ਬੇਰੁਜ਼ਗਾਰ ਆਗੂਆਂ ਅਮਨ ਸੇਖਾ,ਸੰਦੀਪ ਗਿੱਲ,ਗਗਨਦੀਪ ਕੌਰ,ਰਸ਼ਪਾਲ ਸਿੰਘ ਜਲਾਲਾਬਾਦ,ਕੁਲਵੰਤ ਸਿੰਘ ਲੌਂਗੋਵਾਲ ,ਬਲਕਾਰ ਮਘਾਣੀਆ ਅਤੇ ਬਲਰਾਜ ਸਿੰਘ ਨੇ ਕਿਹਾ ਕਿ ਆਉਂਦੇ ਦਿਨਾਂ ਵਿੱਚ ਸਿੱਖਿਆ ਮੰਤਰੀ ਦਾ ਹਰੇਕ ਮੋੜ ਤੇ ਘਿਰਾਓ ਕੀਤਾ ਜਾਵੇਗਾ।

ਇਸ ਮੌਕੇ ਹਰਪ੍ਰੀਤ ਸਿੰਘ ਹੈਪੀ,ਅਮਨ ਬਠਿੰਡਾ,ਜਗਤਾਰ ਸਿੰਘ,ਹਰਜਿੰਦਰ ਕੌਰ ਗੋਲੀ,ਗੁਰਮੇਲ ਸਿੰਘ,ਸੁਖਜੀਤ ਸਿੰਘ ਅਤੇ ਗਗਨਦੀਪ ਸਾਰੇ ਫਰੀਦਕੋਟ,ਬਲਜਿੰਦਰ ਬਰਾੜ ਗਿਲਜੇ ਵਾਲਾ,ਸੁਖਪਾਲ ਖਾਨ,ਅਵਤਾਰ ਸਿੰਘ ਭੁੱਲਰ ਹੇੜੀ,ਮਨਦੀਪ ਸਿੰਘ ਭੱਦਲਵੱਢ,ਅੰਮ੍ਰਿਤਪਾਲ ਸਿੰਘ ਸ੍ਰੀ ਅੰਮ੍ਰਿਤਸਰ,ਕੁਲਵਿੰਦਰ ਕੌਰ ਮੁਕੇਰੀਆਂ,ਰਚਨਾ ਪਠਾਨਕੋਟ,ਸੂਰਜ ਕਾਂਤ , ਦੀਪ ਲਹਿਰਾ,ਕੁਲਜੀਤ ਕੌਰ ਕਪੂਰਥਲਾ ਆਦਿ ਹਾਜ਼ਰ ਸਨ।