ਅੰਮ੍ਰਿਤਸਰ/ਚੰਡੀਗੜ੍ਹ | ਪਿਛਲੇ ਦਿਨੀਂ ਪੰਜਾਬ ਸਰਕਾਰ ਵੱਲੋਂ 2 ਕਿਲੋਵਾਟ ਤੱਕ ਬਿਜਲੀ ਦੇ ਬਿੱਲ ਮੁਆਫ਼ ਕਰਨ ਦਾ ਐਲਾਨ ਕੀਤਾ ਗਿਆ ਸੀ। ਖ਼ਬਰਾਂ ਆ ਰਹੀਆਂ ਹਨ ਕਿ ਚੰਨੀ ਸਰਕਾਰ ਨੇ ਇਸ ਦੀ ਸ਼ੁਰੂਆਤ ਪੱਟੀ ਤੋਂ ਕਾਂਗਰਸੀ ਵਿਧਾਇਕ ਹਰਮਿੰਦਰ ਸਿੰਘ ਗਿੱਲ ਦਾ 19.85 ਲੱਖ ਦਾ ਬਿੱਲ ਮੁਆਫ਼ ਕਰਕੇ ਕੀਤੀ ਹੈ। ਇਹ ਬਿੱਲ ਵਿਧਾਇਕ ਵੱਲ ਪਿਛਲੇ ਕਈ ਸਾਲਾਂ ਤੋਂ ਬਕਾਇਆ ਸੀ।
ਹਰਮਿੰਦਰ ਸਿੰਘ ਗਿੱਲ ਪੱਟੀ ਤੋਂ ਵਿਧਾਇਕ ਹਨ ਤੇ ਪੱਟੀ ਸਬ-ਡਵੀਜ਼ਨ ਵਿੱਚ ਹੀ ਬਿਜਲੀ ਚੋਰੀ ਦੀਆਂ ਸਭ ਤੋਂ ਵੱਧ ਸ਼ਿਕਾਇਤਾਂ ਆਉਂਦੀਆਂ ਰਹੀਆਂ ਹਨ। ਸਰਕਾਰ ਵੱਲੋਂ ਬਿਜਲੀ ਮੁਆਫ਼ੀ ਸਕੀਮ ਦਾ ਲਾਹਾ ਵੀ ਸਭ ਤੋਂ ਵੱਧ ਇਸ ਹਲਕੇ ਨੂੰ ਮਿਲਿਆ ਹੈ।
ਹਲਕਾ ਪੱਟੀ ਤੋਂ ਕਾਂਗਰਸੀ ਵਿਧਾਇਕ ਹਰਮਿੰਦਰ ਸਿੰਘ ਗਿੱਲ ਪੰਜਾਬ ਦੇ ਇਕੋ-ਇਕ ਵਿਧਾਇਕ ਹਨ, ਜਿਨ੍ਹਾਂ ਦੇ ਬਿਜਲੀ ਬਿੱਲਾਂ ਦੀ ਮੁਆਫੀ ਸਕੀਮ ’ਚ ਕਰੀਬ 19.85 ਲੱਖ ਰੁਪਏ ਮੁਆਫ ਹੋਏ ਹਨ।
ਮੀਡੀਆ ਰਿਪੋਰਟਾਂ ਅਨੁਸਾਰ ਵਿਧਾਇਕ ਗਿੱਲ ਦੀ ਅੰਮ੍ਰਿਤਸਰ ਦੇ ਰਣਜੀਤ ਐਵੀਨਿਊ ਵਾਲੀ ਕੋਠੀ ਨੰਬਰ ਈ-32 ਵਿੱਚ ਬਿਜਲੀ ਦਾ ਮੀਟਰ (ਖਾਤਾ ਨੰਬਰ 3002263840) ਜਸਵਿੰਦਰ ਸਿੰਘ ਦੇ ਨਾਂ ’ਤੇ ਲੱਗਾ ਹੈ, ਜਿਸ ਦਾ ਬਿਜਲੀ ਲੋਡ ਇਕ ਕਿਲੋਵਾਟ ਹੈ।
ਵਿਧਾਇਕ ਗਿੱਲ ਨੇ 30 ਸਤੰਬਰ 2010 ਨੂੰ ਇਹ ਮੀਟਰ ਆਪਣੇ ਨਾਂ ਤਬਦੀਲ ਕਰਵਾਉਣ ਲਈ ਪਾਵਰਕਾਮ ਨੂੰ 17,130 ਰੁਪਏ ਫੀਸ ਭਰੀ ਤੇ ਬਿਜਲੀ ਲੋਡ ਇਕ ਕਿਲੋਵਾਟ ਤੋਂ 11 ਕਿਲੋਵਾਟ ਕਰਾਉਣ ਲਈ ਲਿਖਿਆ ਸੀ।
ਪਾਵਰਕਾਮ ਨੇ ਪੁਰਾਣੇ ਬਕਾਏ ਨਾ ਦੇਣ ਕਰਕੇ ਬਿਜਲੀ ਮੀਟਰ ਦੇ ਨਾਂ ਵਿੱਚ ਤਬਦੀਲੀ ਨਹੀਂ ਕੀਤੀ ਸੀ। ਪਾਵਰਕਾਮ ਵੱਲੋਂ 12 ਅਕਤੂਬਰ 2021 ਨੂੰ ਜਾਰੀ ਬਿੱਲ ਮੁਤਾਬਕ ਵਿਧਾਇਕ ਗਿੱਲ ਨੇ ਹੁਣ 15 ਨਵੰਬਰ ਤੱਕ 1.60 ਲੱਖ ਰੁਪਏ ਦਾ ਬਿੱਲ ਹੀ ਤਾਰਨਾ ਹੈ, ਜਦੋਂ ਕਿ ਇਕ ਕਿਲੋਵਾਟ ਲੋਡ ਹੋਣ ਕਰਕੇ ਉਨ੍ਹਾਂ ਦਾ 19.85 ਲੱਖ ਰੁਪਏ ਦਾ ਬਕਾਇਆ ਬਿੱਲ ਮੁਆਫ ਹੋ ਗਿਆ ਹੈ। ਹਲਕਾ ਪੱਟੀ ਵਿੱਚ 50 ਹਜ਼ਾਰ ਪਰਿਵਾਰਾਂ ਦੇ 80 ਕਰੋੜ ਦੇ ਬਿਜਲੀ ਬਿੱਲ ਮੁਆਫ ਹੋਣੇ ਹਨ।
ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ
- ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
- ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ
- ਜਲੰਧਰ ਦੀਆਂ ਖਬਰਾਂ ਮੰਗਵਾਉਣ ਲਈ ਟੈਲੀਗ੍ਰਾਮ ਐਪ ਉਤੇ Jalandhar Bulletin ਚੈਨਲ ਨਾਲ ਜੁੜੋ https://t.me/Jalandharbulletin
- ਜਲੰਧਰ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ