ਜਲੰਧਰ | ਸ਼ਹਿਰ ਦੇ ਮਸ਼ਹੂਰ ਰੈਸਟੋਰੈਂਟ ‘ਹੈੱਡ ਕੁਆਰਟਰ’ ਦੇ ਮਾਲਕ ਪਤੀ-ਪਤਨੀ ਖਿਲਾਫ ਥਾਣਾ-8 ‘ਚ 8 ਲੱਖ 64 ਹਜ਼ਾਰ ਰੁਪਏ ਦਾ ਫਰਾਡ ਕਰਨ ਦਾ ਕੇਸ ਦਰਜ ਹੋਇਆ ਹੈ। ਇਹ ਕੇਸ ਕਮਰਸ਼ੀਅਲ ਸਿਲੰਡਰਾਂ ਦੀ ਰਕਮ ਨਾ ਚੁਕਾਉਣ ਤੇ ਫਿਰ ਚੈੱਕ ਬਾਊਂਸ ਹੋਣ ਕਰਕੇ ਹੋਇਆ।
ਹੈੱਡ ਕੁਆਰਟਰ ਰੈਸਟੋਰੈਂਟ ਪਹਿਲਾਂ ਨਿਊ ਜਵਾਹਰ ਨਗਰ ‘ਚ ਹੁੰਦਾ ਸੀ ਪਰ ਹੁਣ ਇਹ ਕਿਊਰੋ ਮਾਲ ‘ਚ ਸ਼ਿਫਟ ਹੋ ਚੁੱਕਾ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਪ੍ਰੇਮ ਐੱਚਪੀ ਗੈਸ ਏਜੰਸੀ ਹੋਲਡਰ ਗੌਰਵ ਕਟਾਰੀਆ ਨੇ ਦੱਸਿਆ ਕਿ ਹੈੱਡ ਕੁਆਰਟਰ ਰੈਸਟੋਰੈਂਟ ਦੇ ਮਾਲਕ ਅਮਰਪ੍ਰੀਤ ਸਿੰਘ ਰਾਜਨ ਤੇ ਉਨ੍ਹਾਂ ਦੀ ਪਤਨੀ ਰਿਤੂ ਸਿੱਧੂ ਦੇ ਨਾਲ ਉਨ੍ਹਾਂ ਦਾ ਕਮਰਸ਼ੀਅਲ ਸਿਲੰਡਰਾਂ ਦਾ ਵਪਾਰ ਸੀ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਰੈਸਟੋਰੈਂਟ ਸਮੇਤ ਫਰਮ ਵੀ ਹਨ, ਜਿਨ੍ਹਾਂ ‘ਚ ਮਾਹਿਰ ਕੈਟਰਿੰਗ ਵੀ ਸ਼ਾਮਿਲ ਹੈ। ਉਹ 3 ਫਰਮਾਂ ਲਈ ਅਮਰਪ੍ਰੀਤ ਤੇ ਰਿਤੂ ਨੂੰ ਕਮਰਸ਼ੀਅਲ ਸਿਲੰਡਰ ਦਿੰਦੇ ਸਨ ਪਰ ਹੌਲੀ-ਹੌਲੀ ਉਨ੍ਹਾਂ ਦਾ ਬਕਾਇਆ 8 ਲੱਖ 64,565 ਰੁਪਏ ਖੜ੍ਹਾ ਹੋ ਗਿਆ। ਕਈ ਵਾਰ ਪੈਸੇ ਮੰਗਣ ‘ਤੇ ਉਨ੍ਹਾਂ ਨੇ ਪੈਸੇ ਦੇਣ ਤੋਂ ਟਾਲਮਟੋਲ ਕਰਨਾ ਸ਼ੁਰੂ ਕਰ ਦਿੱਤਾ।
ਗੌਰਵ ਕਟਾਰੀਆ ਨੇ ਇਸ ਸਬੰਧੀ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ। 5 ਜਨਵਰੀ 2020 ਨੂੰ ਉਸੇ ਸ਼ਿਕਾਇਤ ਕਰਕੇ ਰਿਤੂ ਤੇ ਅਮਰਪ੍ਰੀਤ ਨੇ ਉਨ੍ਹਾਂ ਨੂੰ 4 ਲੱਖ 50 ਹਜ਼ਾਰ ਦੇ 2 ਚੈੱਕ ਦੇ ਦਿੱਤੇ ਸਨ। ਉਨ੍ਹਾਂ ਨੇ ਇਹ ਸ਼ਰਤ ਰੱਖੀ ਸੀ ਕਿ ਉਨ੍ਹਾਂ ਵੱਲੋਂ ਕਹੇ ਜਾਣ ‘ਤੇ ਵੀ ਇਹ ਚੈੱਕ ਬੈਂਕ ‘ਚ ਨਹੀਂ ਲਗਾਏ ਗਏ। 1 ਸਾਲ 4 ਮਹੀਨੇ ਦਾ ਸਮਾਂ ਬੀਤ ਜਾਣ ਤੋਂ ਬਾਅਦ ਜਦੋਂ ਗੋਰਵ ਕਟਾਰੀਆ ਨੇ ਚੈੱਕ ਲਗਾਏ ਤਾਂ ਦੋਵੇਂ ਹੀ ਚੈੱਕ ਬਾਊਂਸ ਹੋ ਗਏ।
ਉਸ ਤੋਂ ਬਾਅਦ ਅਮਰਪ੍ਰੀਤ ਸਿੰਘ ਤੇ ਉਸ ਦੀ ਪਤਨੀ ਰਿਤੂ ਸਿੱਧੂ ਨੇ ਪੈਸੇ ਦੇਣ ਤੋਂ ਟਾਲਮਟੋਲ ਕਰਨਾ ਸ਼ੁਰੂ ਕਰ ਦਿੱਤਾ। ਇਸ ਬਾਰੇ ਪੁਲਿਸ ਕਮਿਸ਼ਨਰ ਨੂੰ ਫਿਰ ਸ਼ਿਕਾਇਤ ਕੀਤੀ ਗਈ।
ਮਾਮਲੇ ਦੀ ਜਾਂਚ ਤੋਂ ਬਾਅਦ ਅਮਰਪ੍ਰੀਤ ਤੇ ਰਿਤੂ ਖਿਲਾਫ ਧੋਖਾਧੜੀ ਦਾ ਕੇਸ ਦਰਜ ਕਰ ਲਿਆ ਗਿਆ। ਫਿਲਹਾਲ ਉਨ੍ਹਾਂ ਦਾ ਗ੍ਰਿਫਤਾਰੀ ਨਹੀਂ ਹੋ ਸਕੀ। ਦੱਸਿਆ ਜਾ ਰਿਹਾ ਹੈ ਰਿਤੂ ਸਿੱਧੂ ਇਕ ਵੱਡੇ ਲੀਡਰ ਦੀ ਕਰੀਬੀ ਰਿਸ਼ਤੇਦਾਰ ਵੀ ਹੈ।